ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ''ਤੇ ਹਮਲੇ ''ਤੇ ਪਾਕਿ ਸਰਕਾਰ ਦਾ ਦਾਅਵਾ

Saturday, Jan 04, 2020 - 03:02 PM (IST)

ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ''ਤੇ ਹਮਲੇ ''ਤੇ ਪਾਕਿ ਸਰਕਾਰ ਦਾ ਦਾਅਵਾ

ਇਸਲਾਮਾਬਾਦ(ਭਾਸ਼ਾ)- ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਉਹਨਾਂ ਖਬਰਾਂ ਨੂੰ ਖਾਰਿਜ ਕਰ ਦਿੱਤਾ ਹੈ, ਜਿਹਨਾਂ ਵਿਚ ਕਿਹਾ ਗਿਆ ਸੀ ਕਿ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਖਾਸ ਸਮੂਹ ਦੇ ਲੋਕਾਂ ਨੇ ਅਪਵਿੱਤਰ ਕੀਤਾ ਹੈ। ਪੂਰੀ ਦੁਨੀਆ ਵਿਚ ਮਸ਼ਹੂਰ ਗੁਰਦੁਆਰਾ ਨਨਕਾਣਾ ਸਾਹਿਬ ਸਿੱਖ ਧਰਮ ਲਈ ਬੇਹੱਦ ਪਵਿੱਤਰ ਹੈ ਕਿਉਂਕਿ ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਦੇ ਦਫਤਰ ਨੇ ਅੱਧੀ ਰਾਤ ਨੂੰ ਇਕ ਬਿਆਨ ਜਾਰੀ ਕਰਕੇ ਇਹ ਦਾਅਵਾ ਕੀਤਾ ਕਿ ਘਟਨਾ ਵਾਲੀ ਥਾਂ 'ਤੇ ਦੋ ਮੁਸਲਿਮ ਸਮੂਹਾਂ ਦੇ ਵਿਚਾਲੇ ਕਿਸੇ ਛੋਟੀ ਘਟਨਾ ਨੂੰ ਲੈ ਕੇ ਝੜਪ ਹੋਈ ਸੀ, ਜਿਸ ਵਿਚ ਤੁਰੰਤ ਦਖਲ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗੁਰਦੁਆਰਾ ਬਿਲਕੁਲ ਸੁਰੱਖਿਅਤ ਹੈ ਤੇ ਇਸ ਨੂੰ ਕੋਈ ਨੁਕਸਾਨ ਨੂੰ ਪਹੁੰਚਿਆ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਸਰਕਾਰ ਕਾਨੂੰਨ-ਵਿਵਸਥਾ ਬਣਾਏ ਰੱਖਣ ਤੇ ਖਾਸ ਕਰਕੇ ਘੱਟ ਗਿਣਤੀਆਂ ਦੀ ਸੁਰੱਖਿਆ ਦੇ ਲਈ ਵਚਨਬਧ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ 'ਤੇ ਪੱਥਰਬਾਜ਼ੀ ਕੀਤੀ ਗਈ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਗੁਰਦੁਆਰੇ ਨੂੰ ਘੇਰ ਲਿਆ। ਇਸ ਪ੍ਰਦਰਸ਼ਨ ਦੀ ਅਗਵਾਈ ਮੁਹੰਮਦ ਹਸਨ ਦੇ ਪਰਿਵਾਨ ਨੇ ਕੀਤੀ, ਜਿਸ ਨੇ ਕਥਿਤ ਤੌਰ 'ਤੇ ਸਿੱਖ ਲੜਕੀ ਜਗਜੀਤ ਕੌਰ ਨੂੰ ਅਗਵਾ ਕੀਤਾ ਸੀ ਤੇ ਉਸ ਦਾ ਜ਼ਬਰੀ ਨਿਕਾਹ ਕੀਤਾ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਲੋਕ ਇਥੇ ਗੁਰਦੁਆਰੇ ਦੀ ਮੌਜੂਦਗੀ ਦੇ ਖਿਲਾਫ ਹਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਜਲਦੀ ਹੀ ਇਸ ਥਾਂ ਦਾ ਨਾਂ ਨਨਕਾਣਾ ਸਾਹਿਬ ਤੋਂ ਗੁਲਾਮ-ਏ-ਮੁਸਤਫਾ ਕਰਵਾਉਣਗੇ ਤੇ ਕੋਈ ਵੀ ਸਿੱਖ ਨਨਕਾਣਾ ਸਾਹਿਬ ਵਿਚ ਨਹੀਂ ਰਹੇਗਾ।


author

Baljit Singh

Content Editor

Related News