ਪਾਕਿ ਅਦਾਲਤ ਨੇ ਇਮਰਾਨ ਖਾਨ ਦੀ ਗ੍ਰਿਫ਼ਤਾਰੀ ''ਤੇ ਰੋਕ 31 ਮਈ ਤੱਕ ਵਧਾਈ

05/17/2023 4:09:58 PM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੀ ਇਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖ਼ਿਲਾਫ਼ 9 ਮਈ ਤੋਂ ਬਾਅਦ ਦਰਜ ਕੀਤੇ ਗਏ ਕਿਸੇ ਵੀ ਮਾਮਲੇ ਵਿਚ ਉਨ੍ਹਾਂ ਦੀ ਗ੍ਰਿਫਤਾਰੀ 'ਤੇ ਰੋਕ ਦੇ ਆਪਣੇ ਹੁਕਮ ਨੂੰ ਬੁੱਧਵਾਰ ਨੂੰ 31 ਮਈ ਤੱਕ ਵਧਾ ਦਿੱਤਾ ਹੈ। ਇਸਲਾਮਾਬਾਦ ਹਾਈ ਕੋਰਟ (ਆਈ.ਐੱਚ.ਸੀ.) ਨੇ ਇਹ ਹੁਕਮ ਸਰਕਾਰ ਦੇ ਵਕੀਲ ਵੱਲੋਂ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਮੁਖੀ ਇਮਰਾਨ ਖ਼ਾਨ (70) ਖ਼ਿਲਾਫ਼ ਦਰਜ ਕੇਸਾਂ ਬਾਰੇ ਜਾਣਕਾਰੀ ਦੇਣ ਲਈ ਹੋਰ ਸਮਾਂ ਮੰਗਣ ਤੋਂ ਬਾਅਦ ਦਿੱਤਾ। ਖਾਨ ਅਦਾਲਤ ਵਿੱਚ ਹਾਜ਼ਰ ਸਨ। ਅਦਾਲਤ ਖਾਨ ਖ਼ਿਲਾਫ਼ ਦਰਜ ਸਾਰੇ ਮਾਮਲਿਆਂ ਦਾ ਵੇਰਵਾ ਮੰਗਣ ਦੀ ਪੀ.ਟੀ.ਆਈ. ਦੀ ਅਰਜ਼ੀ 'ਤੇ ਸੁਣਵਾਈ ਕਰ ਰਹੀ ਸੀ।

ਖਾਨ ਦੀ ਪਾਰਟੀ ਦਾ ਦਾਅਵਾ ਹੈ ਕਿ ਪੀ.ਟੀ.ਆਈ. ਮੁਖੀ ਖ਼ਿਲਾਫ਼ ਦੇਸ਼ ਭਰ ਵਿੱਚ 100 ਤੋਂ ਵੱਧ ਕੇਸ ਦਰਜ ਹਨ। 'ਦਿ ਡਾਨ' ਅਖ਼ਬਾਰ ਦੀ ਰਿਪੋਰਟ ਮੁਤਾਬਕ ਅਦਾਲਤ ਨੇ ਸਰਕਾਰੀ ਵਕੀਲ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਅਤੇ ਸੁਣਵਾਈ 31 ਮਈ ਤੱਕ ਮੁਲਤਵੀ ਕਰ ਦਿੱਤੀ। ਖਾਨ ਨੂੰ ਵੱਡੀ ਰਾਹਤ ਦਿੰਦੇ ਹੋਏ ਇਸਲਾਮਾਬਾਦ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਅਲ-ਕਾਦਿਰ ਟਰੱਸਟ ਭ੍ਰਿਸ਼ਟਾਚਾਰ ਮਾਮਲੇ 'ਚ ਉਨ੍ਹਾਂ ਨੂੰ ਦੋ ਹਫਤਿਆਂ ਲਈ ਸੁਰੱਖਿਆਤਮਕ ਜ਼ਮਾਨਤ ਦੇ ਦਿੱਤੀ ਸੀ ਅਤੇ ਦੇਸ਼ 'ਚ ਕਿਤੇ ਵੀ ਦਰਜ ਕੀਤੇ ਗਏ ਕਿਸੇ ਵੀ ਮਾਮਲੇ 'ਚ ਸਾਬਕਾ ਪ੍ਰਧਾਨ ਮੰਤਰੀ ਦੀ 15 ਮਈ ਤੱਕ ਗ੍ਰਿਫਤਾਰੀ 'ਤੇ ਰੋਕ ਦਾ ਹੁਕਮ ਦਿੱਤਾ ਸੀ। ਪਾਕਿਸਤਾਨ ਦੀ ਸੁਪਰੀਮ ਕੋਰਟ ਨੇ 9 ਮਈ ਨੂੰ ਖਾਨ ਦੀ ਅਦਾਲਤੀ ਕੰਪਲੈਕਸ ਤੋਂ ਨਾਟਕੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਸੀ।


cherry

Content Editor

Related News