ਪਾਕਿ ਕੋਰਟ ਨੇ ਨਵਾਜ਼ ਸ਼ਰੀਫ ਨੂੰ ਕੀਤਾ ਭਗੋੜਾ ਘੋਸ਼ਿਤ, ਸੰਮਨ ਭੇਜਣ ਤੋਂ ਬਾਅਦ ਵੀ ਨਹੀਂ ਹੋਏ ਪੇਸ਼

12/03/2020 12:04:47 PM

ਇਸਲਾਮਾਬਾਦ: ਪਾਕਿਸਤਾਨੀ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਭਗੋੜਾ ਘੋਸ਼ਿਤ ਕਰ ਦਿੱਤਾ ਹੈ। ਸਾਬਕਾ ਪ੍ਰਧਾਨ ਮੰਤਰੀ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ 'ਚ ਵਾਰ-ਵਾਰ ਸੰਮਨ ਜਾਰੀ ਕੀਤੇ ਜਾਣ ਦੇ ਬਾਵਜੂਦ ਕੋਰਟ ਦੇ ਸਾਹਮਣੇ ਪੇਸ਼ ਨਹੀਂ ਹੋਏ। ਸ਼ਰੀਫ ਪਿਛਲੇ ਸਾਲ ਨਵੰਬਰ 'ਚ ਇਲਾਜ ਲਈ ਲੰਡਨ ਗਏ ਸਨ ਪਰ ਹਾਲੇ ਤੱਕ ਵਾਪਸ ਨਹੀਂ ਆਏ। 
ਇਸਲਾਮਾਬਾਦ ਹਾਈ ਕੋਰਟ ਦੇ ਜੱਜ ਆਮਿਰ ਫਾਰੂਕ ਅਤੇ ਜੱਜ ਮੋਹਸਿਨ ਅਖਤਰ ਕਯਾਨੀ ਦੀ ਦੋ ਮੈਂਬਰ ਬੈਂਚ ਨੇ ਅਲ ਅਜੀਜ਼ੀਆ ਅਤੇ ਐਵਨਫੀਲ਼ਡ ਮਾਮਲਿਆਂ 'ਚ ਸਜ਼ਾ ਦੇ ਖ਼ਿਲਾਫ਼ ਸ਼ਰੀਫ ਦੀਆਂ ਅਪੀਲਾਂ 'ਚ ਸੁਣਵਾਈ ਕੀਤੀ। ਵਿਦੇਸ਼ ਦਫ਼ਤਰ ਅਤੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਅਦਾਲਤ ਨੂੰ ਦੱਸਿਆ ਕਿ ਸ਼ਰੀਫ ਨੂੰ ਲੰਡਨ ਅਤੇ ਲਾਹੌਰ 'ਚ ਉਨ੍ਹਾਂ ਦੀ ਰਿਹਾਇਸ਼ 'ਤੇ ਸੰਮਨ ਦੀ ਜਾਣਕਾਰੀ ਦਿੱਤੀ ਗਈ ਸੀ।ਅਦਾਲਤ ਦੇ ਸਪੱਸ਼ਟ ਆਦੇਸ਼ ਤੋਂ ਬਾਅਦ ਵੀ ਪੇਸ਼ ਹੋਣ 'ਚ ਨਾਕਾਮ ਰਹਿਣ 'ਤੇ ਬੈਂਚ ਨੇ ਸ਼ਰੀਫ ਨੂੰ ਘੋਸ਼ਿਤ ਦੋਸ਼ੀ ਕਰਾਰ ਦਿੱਤਾ। ਸ਼ਰੀਫ (70) ਪਿਛਲੇ ਸਾਲ ਨਵੰਬਰ ਤੋਂ ਲੰਡਨ 'ਚ ਰਹਿ ਰਹੇ ਹਨ। ਲਾਹੌਰ ਹਾਈ ਕੋਰਟ ਨੇ ਉਨ੍ਹਾਂ ਨੂੰ ਇਲਾਜ ਕਰਵਾਉਣ ਲਈ ਚਾਰ ਹਫਤਿਆਂ ਲਈ ਲੰਡਨ ਜਾਣ ਦੀ ਆਗਿਆ ਦਿੱਤੀ ਸੀ।
ਅਦਾਲਤ ਨੇ 15 ਸਤੰਬਰ ਤੋਂ ਸ਼ਰੀਫ ਦੇ ਖ਼ਿਲਾਫ਼ ਗੈਰ-ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਇਸ ਦੇ ਬਾਅਦ ਅਕਤੂਬਰ 'ਚ ਅਦਾਲਤ ਨੇ ਨਵਾਜ਼ ਸ਼ਰੀਫ ਨੂੰ 24 ਨਵੰਬਰ ਤੱਕ ਪੇਸ਼ ਹੋਣ ਦਾ ਆਦੇਸ਼ ਦਿੱਤਾ ਸੀ। ਅਦਾਲਤ ਨੇ ਕਿਹਾ ਸੀ ਕਿ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਤੋਂ ਪਹਿਲਾਂ ਉਨ੍ਹਾਂ ਨੂੰ ਕੋਰਟ 'ਚ ਪੇਸ਼ ਹੋਣਾ ਚਾਹੀਦਾ। ਇਸ ਤੋਂ ਪਹਿਲਾਂ, ਸ਼ਰੀਫ ਨੂੰ 2018 'ਚ ਦੋ ਮਾਮਲਿਆਂ 'ਚ ਦੋਸ਼ੀ ਠਹਿਰਾਇਆ ਗਿਆ ਸੀ ਪਰ ਬਾਅਦ 'ਚ ਲੰਡਨ ਜਾਣ ਤੋਂ ਪਹਿਲਾਂ ਜ਼ਮਾਨਤ ਮਿਲ ਗਈ ਸੀ। ਜੁਲਾਈ 2008 'ਚ ਪਨਾਮਾ ਪੇਪਰਸ ਘੋਟਾਲੇ 'ਚ ਉਨ੍ਹਾਂ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਤਿੰਨ ਮਾਮਲਿਆਂ 'ਚੋਂ ਇਕ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਵੱਲੋਂ 10 ਸਾਲ ਦੀ ਸਖ਼ਤ ਸਜ਼ਾ ਸੁਣਾਈ ਗਈ ਸੀ। ਸੁਪਰੀਮ ਕੋਰਟ ਵੱਲੋਂ ਉਨ੍ਹਾਂ ਨੂੰ ਜਨਤਕ ਅਹੁਦੇ ਸੰਭਾਲਣ ਤੋਂ ਅਯੋਗ ਠਹਿਰਾਏ ਜਾਣ ਦੇ ਬਾਅਦ ਸ਼ਰੀਫ ਨੇ 2017 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।


Aarti dhillon

Content Editor

Related News