ਅੱਤਵਾਦੀ ਹਮਲੇ ਦੇ ਪੀੜਤ 36 ਚੀਨੀ ਨਾਗਰਿਕਾਂ ਨੂੰ 1 ਕਰੋੜ 16 ਲੱਖ ਡਾਲਰ ਦਾ ਮੁਆਵਜ਼ਾ ਦੇਵੇਗਾ ਪਾਕਿਸਤਾਨ
Saturday, Jan 22, 2022 - 03:36 PM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਨੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਵਿਚ ਪਿਛਲੇ ਸਾਲ ਇਕ ਅੱਤਵਾਦੀ ਹਮਲੇ ਵਿਚ ਮਾਰੇ ਗਏ ਇਕ ਵੱਡੇ ਪਣਬਿਜਲੀ ਪ੍ਰੋਜੈਕਟ ਵਿਚ ਕੰਮ ਕਰ ਰਹੇ 36 ਚੀਨੀ ਨਾਗਰਿਕਾਂ ਨੂੰ 1 ਕਰੋੜ 16 ਲੱਖ ਡਾਲਰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਮੁਆਵਜ਼ੇ ਦੀ ਰਕਮ ਬਾਰੇ ਕੈਬਨਿਟ ਦੀ ਆਰਥਿਕ ਤਾਲਮੇਲ ਕਮੇਟੀ (ਈ.ਸੀ.ਸੀ.) ਨੇ ਸ਼ੁੱਕਰਵਾਰ ਨੂੰ ਫੈਸਲਾ ਕੀਤਾ। ਵਿੱਤ ਮੰਤਰਾਲਾ ਦੇ ਬਿਆਨ ਅਨੁਸਾਰ, ‘ਈ.ਸੀ.ਸੀ. ਨੇ ਸਲਾਹ-ਮਸ਼ਵਰਾ ਕਰਨ ਅਤੇ ਚੀਨ ਨਾਲ ਸਬੰਧਾਂ ਦੀ ਡੂੰਘਾਈ ਨੂੰ ਧਿਆਨ ਵਿਚ ਰੱਖਦੇ ਹੋਏ ਸਦਭਾਵਨਾ ਦੇ ਤਹਿਤ ਕਦਮ ਚੁੱਕਦੇ ਹੋਏ ਸਰਕਾਰੀ ਪੱਧਰ ’ਤੇ 1 ਕਰੋੜ 16 ਲੱਖ ਡਾਲਰ ਦੇ ਭੁਗਤਾਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ।’
ਪਿਛਲੇ ਸਾਲ 13 ਜੁਲਾਈ ਨੂੰ ਉੱਤਰ-ਪੱਛਮੀ ਪਾਕਿਸਤਾਨ ਦੇ ਪਹਾੜੀ ਖੇਤਰ ਵਿਚ ਨਿਰਮਾਣ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਇਕ ਬੱਸ ਉੱਤੇ ਹੋਏ ‘ਆਤਮਘਾਤੀ ਹਮਲੇ’ ਵਿਚ 10 ਚੀਨੀ ਨਾਗਰਿਕ ਮਾਰੇ ਗਏ ਸਨ ਅਤੇ 26 ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ। ਇਹ ਹਮਲਾ ਖੈਬਰ ਪਖਤੂਨਖਵਾ ਸੂਬੇ ਦੇ ਅੱਪਰ ਕੋਹਿਸਤਾਨ ਜ਼ਿਲ੍ਹੇ ਦੇ ਦਾਸੂ ਇਲਾਕੇ ਵਿਚ ਹੋਇਆ ਸੀ, ਜਿੱਥੇ ਚੀਨੀ ਇੰਜੀਨੀਅਰ ਅਤੇ ਨਿਰਮਾਣ ਕਰਮਚਾਰੀ ਡੈਮ ਬਣਾਉਣ ਵਿਚ ਮਦਦ ਕਰ ਰਹੇ ਸਨ। ਇਹ ਪ੍ਰੋਜੈਕਟ ਚਾਈਨਾ ਗੇਜ਼ੌਬਾ ਕੰਪਨੀ ਵੱਲੋਂ ਵਿਸ਼ਵ ਬੈਂਕ ਦੀ ਫੰਡਿੰਗ ਨਾਲ ਬਣਾਇਆ ਜਾ ਰਿਹਾ ਹੈ ਅਤੇ ਇਹ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀ.ਪੀ.ਈ.ਸੀ.) ਦਾ ਹਿੱਸਾ ਨਹੀਂ ਹੈ। ਚੀਨੀ ਕੰਪਨੀ ਨੇ ਮੁਆਵਜ਼ੇ ਦਾ ਮੁੱਦਾ ਹੱਲ ਹੋਣ ਤੱਕ ਸਾਈਟ ’ਤੇ ਆਪਣੀਆਂ ਗਤੀਵਿਧੀਆਂ ਰੋਕ ਦਿੱਤੀਆਂ ਸਨ।
ਇਹ ਵੀ ਪੜ੍ਹੋ: ਬਰੈਂਪਟਨ ’ਚ ਇਕ ਘਰ ’ਚ ਲੱਗੀ ਭਿਆਨਕ ਅੱਗ, 3 ਬੱਚਿਆਂ ਦੀ ਦਰਦਨਾਕ ਮੌਤ
ਪਾਕਿਸਤਾਨ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਮੁਆਵਜ਼ੇ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਕੰਪਨੀ ਨੇ ਵੀਰਵਾਰ ਨੂੰ ਕੰਮ ਮੁੜ ਸ਼ੁਰੂ ਕਰ ਦਿੱਤਾ ਸੀ। ਨਕਦੀ ਦੀ ਤੰਗੀ ਨਾਲ ਘਿਰਿਆ ਪਾਕਿਸਤਾਨ ਚੀਨੀ ਨਾਗਰਿਕਾਂ ਨੂੰ ਮੁਆਵਜ਼ਾ ਦੇਣ ਲਈ ਸਹਿਮਤੀ ਹੋ ਗਿਆ ਹੈ, ਜਦੋਂ ਕਿ ਉਹ ਕਾਨੂੰਨੀ ਤੌਰ ’ਤੇ ਅਜਿਹਾ ਕਰਨ ਲਈ ਪਾਬੰਦ ਨਹੀਂ ਹੈ। ਇਸ ਤੋਂ ਇਲਾਵਾ ਇਹ ਰਕਮ ਚੀਨ ਵਿਚ ਇਸੇ ਤਰ੍ਹਾਂ ਦੇ ਹਮਲਿਆਂ ਵਿਚ ਆਪਣੀ ਜਾਨ ਗੁਆਉਣ ਵਾਲੇ ਨਾਗਰਿਕਾਂ ਨੂੰ ਆਮ ਤੌਰ ’ਤੇ ਅਦਾ ਕੀਤੀ ਜਾਣ ਵਾਲੀ ਰਕਮ ਤੋਂ ਦੁੱਗਣੀ ਹੈ। ਪਾਕਿਸਤਾਨੀ ਮੀਡੀਆ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਕਿਹਾ ਸੀ ਕਿ ਮੁਆਵਜ਼ੇ ਦਾ ਭੁਗਤਾਨ ਕਰਨ ਦਾ ਸਪੱਸ਼ਟ ਉਦੇਸ਼ ਪਾਕਿਸਤਾਨ-ਚੀਨ ਦੁਵੱਲੇ ਸਬੰਧਾਂ ਵਿਚ ਇਕ ਵੱਡੀ ਰੁਕਾਵਟ ਨੂੰ ਦੂਰ ਕਰਨਾ ਹੈ। ਹਮਲੇ ਵਿਚ 4 ਪਾਕਿਸਤਾਨੀ ਨਾਗਰਿਕ ਵੀ ਮਾਰੇ ਗਏ ਸਨ, ਪਰ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ ਜਾਂ ਨਹੀਂ।
ਇਹ ਵੀ ਪੜ੍ਹੋ: ਕੈਨੇਡਾ-ਅਮਰੀਕਾ ਦੀ ਸਰਹੱਦ ਪਾਰ ਕਰ ਰਹੇ ਭਾਰਤੀਆਂ ਦੀ ਮੌਤ ਦੀ ਮਨੁੱਖੀ ਤਸਕਰੀ ਦੇ ਐਂਗਲ ਤੋਂ ਜਾਂਚ ਜਾਰੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।