FATF ਦੀ ਚਿਤਾਵਨੀ ਤੋਂ ਘਬਰਾਇਆ ਪਾਕਿ, ਕੁਰੈਸ਼ੀ ਬੋਲੇ- ਭਾਰਤ ਕਰਾਉਣਾ ਚਾਹੁੰਦਾ ਹੈ ਬਲੈਕਲਿਸਟ

10/20/2019 6:17:10 PM

ਇਸਲਾਮਾਬਾਦ— ਐੱਫ.ਏ.ਟੀ.ਐੱਫ. ਵਲੋਂ ਸ਼ੁੱਕਰਵਾਰ ਨੂੰ ਨੋਟਿਸ ਦਿੱਤੇ ਜਾਣ ਤੋਂ ਬਾਅਦ ਤੋਂ ਪਾਕਿਸਤਾਨ 'ਚ ਨਿਰਾਸ਼ਾ ਫੈਲ ਗਈ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨੀ ਸਰਕਾਰ ਸਮੇਂ 'ਤੇ ਫਾਈਨੈਸ਼ੀਅਲ ਟਾਸਕ ਫੋਰਸ ਵਲੋਂ ਨਿਰਧਾਰਿਤ ਸਾਰੀਆਂ ਸ਼ਰਤਾਂ ਨੂੰ ਪੂਰਾ ਕਰੇਗੀ ਤੇ ਦੇਸ਼ ਗ੍ਰੇ ਲਿਸਟ ਤੋਂ ਬਾਹਰ ਹੋ ਜਾਵੇਗਾ। ਇਸ ਦੌਰਾਨ ਕੁਰੈਸ਼ੀ ਨੇ ਕਿਹਾ ਕਿ ਭਾਰਤ ਚਾਹੁੰਦਾ ਹੈ ਕਿ ਪਾਕਿਸਤਾਨ ਬਲੈਕਲਿਸਟ ਹੋ ਜਾਵੇ। ਦੱਸ ਦਈਏ ਕਿ ਅੱਤਵਾਦ ਨੂੰ ਲੈ ਕੇ ਪਾਕਿਸਤਾਨ ਇਕੱਲਾ ਪੈ ਗਿਆ ਹੈ। ਐੱਫ.ਏ.ਟੀ.ਐੱਫ. ਨੇ ਕਿਹਾ ਕਿ ਜੇਕਰ ਪਾਕਿਸਤਾਨ ਫਰਵਰੀ ਤੱਕ ਅੱਤਵਾਦੀ ਫੰਡਿੰਗ ਨੂੰ ਕੰਟਰੋਲ ਨਹੀਂ ਕਰਦਾ ਤਾਂ ਉਸ ਨੂੰ ਬਲੈਕਲਿਸਟ ਕਰ ਦਿੱਤਾ ਜਾਵੇਗਾ। ਇਸੇ ਕਾਰਵਾਈ ਦੀ ਨਿਰਾਸ਼ਾ 'ਚ ਕੁਰੈਸ਼ੀ ਨੇ ਭਾਰਤ ਨੂੰ ਲੈ ਕੇ ਇਹ ਬਿਆਨ ਦਿੱਤਾ ਹੈ।

ਐੱਫ.ਏ.ਟੀ.ਐੱਫ. ਪਲੈਨਰੀ ਨੇ ਕਿਹਾ ਕਿ ਪਾਕਿਸਤਾਨ ਨੇ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਤੇ ਹਿਜ਼ਬੁੱਲ ਮਜਾਹਿਦੀਨ ਜਿਹੇ ਅੱਤਵਾਦੀ ਸਮੂਹਾਂ ਨੂੰ ਹੋ ਰਹੀ ਫੰਡਿੰਗ ਨੂੰ ਕੰਟਰੋਲ ਕਰਨ ਲਈ ਦਿੱਤੇ ਗਏ 27 ਬਿੰਦੂਆਂ 'ਚੋਂ ਸਿਰਫ 5 'ਤੇ ਹੀ ਕੰਮ ਕੀਤਾ ਹੈ, ਜੋ ਕਿ ਭਾਰਤ 'ਚ ਕਈ ਹਮਲਿਆਂ ਲਈ ਜ਼ਿੰਮੇਦਾਰ ਹਨ। ਕੁਰੈਸ਼ੀ ਨੇ ਕਿਹਾ ਕਿ ਭਾਰਤ ਪਾਕਿਸਤਾਨ ਨੂੰ ਬਲੈਕਲਿਸਟ ਕਰਵਾਉਣ 'ਚ ਅਸਫਲ ਰਿਹਾ ਹੈ। ਦੇਸ਼ ਨੂੰ ਫਰਵਰੀ 2020 ਤੱਕ ਵੱਖ-ਵੱਖ ਕੰਮ ਦਿੱਤੇ ਗਏ ਹਨ। ਸਰਕਾਰ ਸਮੇਂ 'ਤੇ ਸਾਰੇ ਟੀਚਿਆਂ ਨੂੰ ਪੂਰਾ ਕਰੇਗੀ ਤੇ ਦੇਸ਼ ਨੂੰ ਗ੍ਰੇ ਲਿਸਟ 'ਚੋਂ ਬਾਹਰ ਕੱਢੇਗੀ।

ਕਈ ਦੇਸ਼ਾਂ ਨੇ ਜਤਾਈ ਚਿੰਤਾ
ਉਨ੍ਹਾਂ ਨੇ ਕਿਹਾ ਕਿ ਐੱਫ.ਏ.ਟੀ.ਐੱਫ. ਨੇ ਸਰਕਾਰ ਵਲੋਂ ਮਨੀ ਲਾਂਡਿੰ੍ਰਗ ਤੇ ਟੈਰਰ ਫਾਈਨਾਂਸਿੰਗ ਨੂੰ ਕੰਟਰੋਲ ਕਰਨ ਲਈ ਚੁੱਕੇ ਗਏ ਕਦਮਾਂ ਨੂੰ ਮਾਨਤਾ ਦਿੱਤੀ ਹੈ। ਦੱਸ ਦਈਏ ਕਿ ਐੱਫ.ਏ.ਟੀ.ਐੱਫ. ਦੀ ਬੈਠਕ ਦੌਰਾਨ ਕਈ ਦੇਸ਼ਾਂ ਨੇ ਪਾਕਿਸਤਾਨ ਵਲੋਂ ਉਸ ਦੀ ਧਰਤੀ 'ਤੇ ਅੱਤਵਾਦੀ ਫੰਡਿੰਗ ਦੇ ਲਈ ਲੋੜੀਂਦੇ ਕਦਮ ਨਾ ਚੁੱਕੇ ਜਾਣ 'ਤੇ ਚਿੰਤਾ ਜਤਾਈ।


Baljit Singh

Content Editor

Related News