ਪਾਕਿ : ਚਮਨ ''ਚ ਧਮਾਕਾ, ਘੱਟੋ-ਘੱਟ 4 ਜ਼ਖਮੀ
Friday, Jul 20, 2018 - 03:35 PM (IST)
ਲਾਹੌਰ (ਬਿਊਰੋ)— ਪਾਕਿਸਤਾਨ ਵਿਚ ਸ਼ੁੱਕਰਵਾਰ ਨੂੰ ਚਮਨ ਸ਼ਹਿਰ ਦੇ ਮਾਲਰੋਡ 'ਤੇ ਇਕ ਧਮਾਕਾ ਹੋਇਆ। ਇਸ ਧਮਾਕੇ ਵਿਚ 1 ਬੱਚੇ ਸਮੇਤ ਘੱਟੋ-ਘੱਟ 4 ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ, ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸ਼ਿਫਟ ਕਰ ਦਿੱਤਾ ਗਿਆ ਹੈ। ਪੁਲਸ ਨੇ ਦੱਸਿਆ ਕਿ 5 ਤੋਂ 6 ਕਿਲੋਗ੍ਰਾਮ ਵਿਸਫੋਟਕ ਉੱਥੇ ਪਾਰਕ ਕੀਤੀ ਇਕ ਮੋਟਰਸਾਈਕਲ ਵਿਚ ਲਗਾਇਆ ਗਿਆ ਸੀ। ਇਸ ਵਿਚ ਰਿਮੋਟ ਕੰਟਰੋਲ ਜ਼ਰੀਏ ਧਮਾਕਾ ਕੀਤਾ ਗਿਆ।
ਪੁਲਸ ਮੁਤਾਬਕ ਘਟਨਾ ਵਿਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਸਬੰਧਤ ਇਕ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਧਮਾਕੇ ਕਾਰਨ ਉੱਥੇ ਖੜ੍ਹੀਆਂ ਹੋਰ ਗੱਡੀਆਂ ਅਤੇ ਪ੍ਰਾਈਵੇਟ ਕਾਰਾਂ ਨੂੰ ਨੁਕਸਾਨ ਪਹੁੰਚਿਆ ਹੈ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸੁਰੱਖਿਆ ਦੇ ਖਤਰੇ ਸੰਬੰਧੀ ਜਾਣਕਾਰੀ ਦੇਣ ਤੋਂ ਬਾਅਦ ਅਤੇ ਧਮਾਕਾ ਹੋਣ ਤੋਂ ਇਕ ਘੰਟਾ ਪਹਿਲਾਂ ਹੀ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ। ਇਸ ਘਟਨਾ ਵਿਚ ਜਨਤਕ ਜਾਇਦਾਦ ਸਮੇਤ 10 ਦੁਕਾਨਾਂ ਅੰਸ਼ਕ ਤੌਰ 'ਤੇ ਤਬਾਹ ਹੋ ਗਈਆਂ। ਸੁਰੱਖਿਆ ਬਲਾਂ ਨੇ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਧਮਾਕੇ ਦੀ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ।
