ਸਿਰਫ 10 ਦਿਨ ਇਸ ਖਾਸ ਬਿਸਤਰੇ 'ਤੇ ਰਹੋ ਅਤੇ ਪਾਓ 461100 ਰੁਪਏ
Sunday, Mar 16, 2025 - 04:15 AM (IST)

ਇੰਟਰਨੈਸ਼ਨਲ ਡੈਸਕ - ਯੂਰਪੀਅਨ ਸਪੇਸ ਏਜੰਸੀ ਨੂੰ 20 ਅਜਿਹੇ ਵਾਲੰਟੀਅਰਾਂ ਦੀ ਲੋੜ ਹੈ, ਜੋ 10 ਦਿਨ ਇਕ ਖਾਸ ਕਿਸਮ ਦੇ ਬਿਸਤਰੇ ’ਤੇ ਬਿਤਾ ਸਕਣ। ਇਸ ਲਈ ਹਰ ਵਿਅਕਤੀ ਨੂੰ ਏਜੰਸੀ 4000 ਪੌਂਡ (461100 ਰੁਪਏ) ਦੇਵੇਗੀ। ਪੁਲਾੜ ਏਜੰਸੀ ਇਨ੍ਹਾਂ ’ਤੇ ਡ੍ਰਾਈ ਇਮਰਸ਼ਨ ਪ੍ਰਯੋਗ ਕਰਨਾ ਚਾਹੁੰਦੀ ਹੈ, ਜਿਸ ਨੂੰ ਵਿਵਾਲਡੀ-3 ਦਾ ਨਾਂ ਦਿੱਤਾ ਗਿਆ ਹੈ। ਇਹ ਪ੍ਰਯੋਗ ਟੋਲੂਜ਼ ਯੂਨੀਵਰਸਿਟੀ ਹਸਪਤਾਲ ਦੇ ਮੈਂਡੇਸ ਸਪੇਸ ਕਲੀਨਿਕ ਵਿਖੇ ਕੀਤਾ ਜਾਵੇਗਾ। ਇਸ ਵਿਚ ਪੁਲਾੜ ਉਡਾਣ ਦੌਰਾਨ ਸਰੀਰ ’ਤੇ ਪੈਣ ਵਾਲੇ ਪ੍ਰਭਾਵ ਦਾ ਅਧਿਐਨ ਕੀਤਾ ਜਾਵੇਗਾ।
ਬਾਥਟੱਬ ਵਰਗਾ ਹੋਵੇਗਾ ਬਿਸਤਰਾ
ਯੂਰਪੀਅਨ ਸਪੇਸ ਏਜੰਸੀ ਦੇ ਅਨੁਸਾਰ ਵਿਵਾਲਡੀ-3 ਪ੍ਰਯੋਗ ਦੌਰਾਨ 10 ਵਾਲੰਟੀਅਰਾਂ ਨੂੰ ਇਕ ਬਾਥਟੱਬ ਵਰਗੇ ਕੰਟੇਨਰ ਵਿਚ ਰੱਖਿਆ ਜਾਵੇਗਾ। ਇਸ ’ਚ ਵਾਟਰਪ੍ਰੂਫ਼ ਕੱਪੜਾ ਲੱਗਾ ਹੋਵੇਗਾ। ਇਸ ਨਾਲ ਪਾਣੀ ਉਨ੍ਹਾਂ ਤੱਕ ਨਹੀਂ ਪਹੁੰਚ ਸਕੇਗਾ ਤੇ ਉਹ ਸੁੱਕੇ ਰਹਿਣਗੇ।
ਉਨ੍ਹਾਂ ਨੂੰ ਅਜਿਹਾ ਮਹਿਸੂਸ ਹੋਵੇਗਾ ਜਿਵੇਂ ਕਿ ਉਹ ਬਿਨਾਂ ਕਿਸੇ ਮਦਦ ਦੇ ਪਾਣੀ ’ਚ ਆਪਣੇ ਆਪ ਤੈਰ ਰਹੇ ਹੋਣ। ਪੁਲਾੜ ਸਟੇਸ਼ਨ ’ਤੇ ਪੁਲਾੜ ਯਾਤਰੀ ਬਿਲਕੁਲ ਇਹੀ ਮਹਿਸੂਸ ਕਰਦੇ ਹਨ। ਪੂਰੇ ਪ੍ਰੀਖਣ ਦੌਰਾਨ ਇਕੱਲੇ ਰਹਿਣਾ ਹੋਵੇਗਾ। ਸਿਰਫ਼ ਫ਼ੋਨ ਸੁਣਨ ਦੀ ਇਜਾਜ਼ਤ ਹੋਵੇਗੀ।
ਹਰ ਸਮੇਂ ਲੇਟੇ ਰਹਿਣਾ ਪਵੇਗਾ
ਬਾਥਰੂਮ ਬ੍ਰੇਕ ਦੌਰਾਨ ਭਾਗੀਦਾਰਾਂ ਨੂੰ ਕਿ ਟਰਾਲੀ ਵਿਚ ਸ਼ਿਫਟ ਕੀਤਾ ਜਾਵੇਗਾ ਪਰ ਉਸ ’ਤੇ ਵੀ ਉਨ੍ਹਾਂ ਨੂੰ ਪਿੱਠ ਦੇ ਭਾਰ ਲੇਟਿਆ ਰਹਿਣਾ ਪਵੇਗਾ। ਭੋਜਨ ਦੌਰਾਨ ਉਨ੍ਹਾਂ ਨੂੰ ਇਕ ਫਲੋਟਿੰਗ ਬੋਰਡ ਤੇ ਗਰਦਨ ਲਈ ਸਿਰਹਾਣਾ ਮਿਲੇਗਾ।
ਜ਼ਰੂਰੀ ਯੋਗਤਾਵਾਂ
ਸਿਰਫ ਮਰਦਾਂ ਲਈ
ਉਮਰ : 20 ਤੋਂ 40 ਸਾਲ ਵਿਚਾਲੇ
ਸਿਹਤ : ਕੋਈ ਇਲਾਜ ਨਾ ਚੱਲ ਰਿਹਾ ਹੋਵੇ
ਬੀ. ਐੱਮ. ਆਈ. : 20 ਕਿਲੋਗ੍ਰਾਮ ਤੋਂ 26 ਕਿਲੋਗ੍ਰਾਮ/ਵਰਗ
ਮੀਟਰ ਵਿਚਾਲੇ ਬਾਇਓਮਾਸ ਇੰਡੈਕਸ ਹੋਵੇ
ਲੰਬਾਈ : 165 ਸੈਂਟੀਮੀਟਰ ਤੋਂ 180 ਸੈਂਟੀਮੀਟਰ ਵਿਚਾਲੇ
ਅਜਿਹੀ ਹੋਣੀ ਚਾਹੀਦੀ ਹੈ ਸਿਹਤ
ਉਹ ਸਮੋਕਿੰਗ ਨਾ ਕਰਦਾ ਹੋਵੇ
ਰੋਜ਼ਾਨਾ ਖੇਡ ਗਤੀਵਿਧੀਆਂ ’ਚ ਹਿੱਸਾ ਲੈਂਦਾ ਹੋਵੇ
ਐਲਰਜੀ ਤੇ ਡਾਇਟਰੀ ਰਿਐਕਸ਼ਨ ਦੀ ਸਮੱਸਿਆ ਨਹੀਂ ਹੋਣੀ ਚਾਹੀਦੀ
ਪ੍ਰੀਖਣ ਦਾ ਉਦੇਸ਼
ਇਸ ਪ੍ਰੀਖਣ ਦਾ ਉਦੇਸ਼ ਮਨੁੱਖੀ ਸਰੀਰ ’ਤੇ ਭਾਰ ਘਟਣ ਦੀ ਸਥਿਤੀ ’ਚ ਪੈਣ ਵਾਲੇ ਪ੍ਰਭਾਵਾਂ ਦਾ ਅਧਿਐਨ ਕਰਨਾ ਹੈ। ਪਹਿਲੇ 5 ਦਿਨਾਂ ’ਚ ਸਾਰੇ ਮੂਲ-ਮਾਪ ਲੈ ਲਏ ਜਾਣਗੇ। ਉਸ ਤੋਂ ਬਾਅਦ ਅਗਲੇ 10 ਦਿਨ ਉਨ੍ਹਾਂ ਨੂੰ ਪਾਣੀ ਨਾਲ ਭਰੇ ਕੰਟੇਨਰ ’ਚ ਬਣੇ ਬਿਸਤਰੇ ’ਤੇ ਗੁਜ਼ਾਰਨੇ ਪੈਣਗੇ। ਉਨ੍ਹਾਂ ਨੂੰ ਕੁਲ 21 ਦਿਨਾਂ ਤੱਕ ਹਸਪਤਾਲ ’ਚ ਰੱਖਿਆ ਜਾਵੇਗਾ।