ਯੂਕੇ: ਆਕਸਫੋਰਡ ਯੂਨੀਵਰਸਿਟੀ ਨੇ ਸ਼ੁਰੂ ਕੀਤੇ HIV ਟੀਕੇ ਦੇ ਟ੍ਰਾਇਲ
Thursday, Jul 08, 2021 - 02:59 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਦੀ ਆਕਸਫੋਰਡ ਯੂਨੀਵਰਸਿਟੀ ਦੇ ਸਿਹਤ ਵਿਗਿਆਨੀਆਂ ਨੇ ਯੂਕੇ ਵਿੱਚ ਫੇਜ਼ -1 ਕਲੀਨਿਕਲ ਟ੍ਰਾਇਲ ਦੇ ਹਿੱਸੇ ਵਜੋਂ ਐੱਚ ਆਈ ਵੀ ਏਡਜ਼ ਟੀਕੇ ਦੇ ਪ੍ਰੀਖਣ ਲਈ ਉਮੀਦਵਾਰਾਂ ਦੇ ਟੀਕੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਟ੍ਰਾਇਲ ਦਾ ਉਦੇਸ਼ ਐੱਚ ਆਈ ਵੀ ਲਈ ਬਣਾਏ ਗਏ ਟੀਕੇ 'ਐੱਚ ਆਈ ਵੀ ਕਨਸਵੈਕਸ' ਟੀਕੇ ਦੀ ਸੁਰੱਖਿਆ, ਸਹਿਣਸ਼ੀਲਤਾ ਅਤੇ ਪ੍ਰਤੀਰੋਧਕਤਾ ਦਾ ਮੁਲਾਂਕਣ ਕਰਨਾ ਹੈ। ਇਸ ਟ੍ਰਾਇਲ ਵਿੱਚ 18-65 ਸਾਲ ਦੇ 13 ਐੱਚ ਆਈ ਵੀ ਨੈਗੇਟਿਵ ਤੰਦਰੁਸਤ ਵਿਅਕਤੀਆਂ ਨੂੰ ਸ਼ੁਰੂ ਵਿੱਚ ਟੀਕੇ ਦੀ ਇੱਕ ਖੁਰਾਕ ਮਿਲੇਗੀ ਅਤੇ ਉਸ ਤੋਂ ਬਾਅਦ ਚਾਰ ਹਫ਼ਤਿਆਂ ਵਿੱਚ ਇੱਕ ਹੋਰ ਬੂਸਟਰ ਖੁਰਾਕ ਦਿੱਤੀ ਜਾਵੇਗੀ।
ਪੜ੍ਹੋ ਇਹ ਅਹਿਮ ਖਬਰ- ਟੀਕਾਕਰਨ ਦੇ ਬਾਵਜੂਦ ਕੋਵਿਡ-19 ਨਾਲ ਦੁਨੀਆ ਭਰ 'ਚ ਮੌਤਾਂ ਦਾ ਅੰਕੜਾ ਪਹੁੰਚਿਆ 40 ਲੱਖ ਦੇ ਪਾਰ
ਇਸ ਟ੍ਰਾਇਲ ਨਾਲ ਸੰਬੰਧਤ ਅਧਿਕਾਰੀ ਟੋਮਸ ਹੈਨਕੇ ਨੇ ਦੱਸਿਆ ਕਿ ਇਹ ਟ੍ਰਾਇਲ ਐੱਚ ਆਈ ਵੀ ਨੈਗੇਟਿਵ ਵਿਅਕਤੀਆਂ ਲਈ ਬਿਮਾਰੀ ਦੀ ਰੋਕਥਾਮ ਅਤੇ ਇਲਾਜ ਲਈ ਐੱਚ ਆਈ ਵੀ ਨਾਲ ਪੀੜਤ ਲੋਕਾਂ ਦੇ ਇਲਾਜ ਦੇ ਮੁਲਾਂਕਣ ਦੀ ਇੱਕ ਲੜੀ ਵਿੱਚ ਪਹਿਲਾ ਕਦਮ ਹੈ। ਇਸਦੇ ਇਲਾਵਾ ਜੇਨੇਰ ਇੰਸਟੀਚਿਊਟ ਦੇ ਸੀਨੀਅਰ ਕਲੀਨਿਕਲ ਰਿਸਰਚ ਫੈਲੋ ਪਾਓਲਾ ਸਿਕੋਨੀ ਅਨੁਸਾਰ ਐੱਚ ਆਈ ਵੀ ਵਿਰੁੱਧ ਸੁਰੱਖਿਆ ਪ੍ਰਾਪਤ ਕਰਨਾ ਬਹੁਤ ਹੀ ਚੁਣੌਤੀਪੂਰਨ ਹੈ ਅਤੇ ਇਸ ਲਈ ਪ੍ਰਤੀਰੋਧੀ ਪ੍ਰਣਾਲੀ ਦੀਆਂ ਐਂਟੀਬਾਡੀ ਅਤੇ ਟੀ ਸੈੱਲ ਦੋਵੇਂ ਦੀ ਸੁਰੱਖਿਆ ਸਮਰੱਥਾ ਨੂੰ ਪੂਰਾ ਕਰਨਾ ਬਹੁਤ ਮਹੱਤਵਪੂਰਨ ਹੈ। ਇਸ ਟ੍ਰਾਇਲ ਦੇ ਨਤੀਜਿਆਂ ਨੂੰ ਖੋਜੀਆਂ ਨੇ ਅਪ੍ਰੈਲ 2022 ਤੱਕ ਰਿਪੋਰਟ ਕਰਨ ਦਾ ਟੀਚਾ ਮਿਥਿਆ ਹੈ।