ਪਾਕਿਸਤਾਨ ਦਾ ''ਮਾਲਿਆ'' 1.36 ਅਰਬ ਰੁਪਏ ਲੈ ਕੇ ਫਰਾਰ

12/07/2018 9:26:13 PM

ਇਸਲਾਮਾਬਾਦ— ਪਾਕਿਸਤਾਨ 'ਚ ਵੀ ਭਾਰਤੀ ਭਗੌੜੇ ਵਪਾਰੀ ਵਿਜੇ ਮਾਲਿਆ ਸਬੰਧੀ ਘੋਟਾਲੇ ਵਰਗਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੀ ਇਕ ਨਿੱਜੀ ਏਅਰਲਾਈਨ ਕੰਪਨੀ ਸ਼ਾਹੀਨ ਏਅਰ ਇੰਟਰਨੈਸ਼ਨਲ ਦੇ ਮਾਲਕ 'ਤੇ ਦੋਸ਼ ਹੈ ਕਿ ਉਹ ਕਰੋੜਾਂ ਰੁਪਇਆਂ ਦਾ ਘੋਟਾਲਾ ਕਰਕੇ ਦੇਸ਼ ਤੋਂ ਫਰਾਰ ਹੋ ਗਏ ਹਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸ਼ਾਹੀਨ ਏਅਰ ਇੰਟਰਨੈਸ਼ਨਲ ਦੇ ਚੇਅਰਮੈਨ ਕਾਸ਼ਿਫ ਮਹਿਮੂਦ ਸਹਬਈ ਤੇ ਸੀ.ਈ.ਓ. ਅਹਿਸਾਨ ਖਾਲਿਦ ਸਹਬਈ ਦਾ ਨਾਂ ਦੇਸ਼ ਛੱਡ ਕੇ ਬਾਹਰ ਨਾ ਜਾ ਸਕਣ ਵਾਲੀ ਸੂਚੀ 'ਐਗਜ਼ਿਟ ਕੰਟਰੋਲ ਲਿਸਟ' 'ਚ ਵੀ ਸੀ। ਪਰੰਤੂ ਪਾਕਿਸਤਾਨ 'ਚ ਭ੍ਰਿਸ਼ਟਾਚਾਰ ਨੂੰ ਕੰਟਰੋਲ ਕਰਨ ਵਾਲੇ ਵਿਭਾਗਾਂ ਦੀ ਹਾਲਤ ਅਜਿਹੀ ਹੈ ਕਿ ਇਸ ਲਿਸਟ 'ਚ ਨਾਂ ਹੋਣ ਦੇ ਬਾਵਜੂਦ ਵੀ ਦੋਵਾਂ ਦੇਸ਼ ਛੱਡ ਕੇ ਭੱਜਣ 'ਚ ਸਫਲ ਰਹੇ। ਉਨ੍ਹਾਂ 'ਤੇ ਏਅਰਲਾਈਨ ਆਪ੍ਰੇਸ਼ਨ ਦੇ ਵੀ 136 ਲੱਖ ਰੁਪਏ (ਭਾਰਤੀ ਕਰੰਸੀ) ਬਕਾਇਆ ਹੈ।

ਸਹਬਈ ਭਰਾਵਾਂ ਦੇ ਦੇਸ਼ ਛੱਡਣ ਦਾ ਸ਼ੱਕ ਸਿਵਲ ਏਵੀਏਸ਼ਨ ਅਥਾਰਟੀ ਨੂੰ ਪਹਿਲਾਂ ਤੋਂ ਸੀ ਤੇ ਇਹ ਹੀ ਕਾਰਨ ਸੀ ਕਿ ਉਸ ਨੇ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੂੰ ਵੀ ਇਸ ਤੋਂ ਜਾਣੂ ਕਰਵਾਇਆ ਸੀ।

ਕਈ ਮਹੀਨਿਆਂ ਤੋਂ ਰੱਦ ਹੋ ਰਹੀਆਂ ਸਨ ਉਡਾਣਾਂ
ਸਾਈ ਦੀਆਂ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਅਕਤੂਬਰ ਮਹੀਨੇ ਤੋਂ ਰੱਦ ਸਨ। ਉਥੇ ਕੰਪਨੀ ਦੇ ਕਰੀਬ 3000 ਕਰਮਚਾਰੀਆਂ ਨੂੰ ਬੀਤੇ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਗਈ ਸੀ, ਜਿਸ ਦੇ ਕਾਰਨ ਕਰਮਚਾਰੀ ਤਨਖਾਹ ਦੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। ਕਰਮਚਾਰੀਆਂ ਨੇ ਇਸ ਮਾਮਲੇ 'ਚ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਹੈ।

ਸਾਈ ਦੇ ਅਧਿਕਾਰੀਆਂ 'ਤੇ 1.36 ਬਿਲੀਅਨ ਰੁਪਏ ਦਾ ਬਕਾਇਆ
ਸਿਵਲ ਏਵੀਏਸ਼ਨ ਅਥਾਰਟੀ ਦੇ ਅਧਿਕਾਰੀ ਨੇ ਦੱਸਿਆ ਕਿ ਸਾਈ ਦੇ ਘੋਟਾਲੇ ਦੀ ਜਾਣਕਾਰੀ ਉਨ੍ਹਾਂ ਨੇ ਸਤੰਬਰ ਮਹੀਨੇ 'ਚ ਹੀ ਗ੍ਰਹਿ ਮੰਤਰਾਲੇ ਨੂੰ ਦੇ ਦਿੱਤੀ ਸੀ। ਨਾਲ ਹੀ ਉਨ੍ਹਾਂ ਅਧਿਕਾਰੀਆਂ ਨੂੰ ਵੀ ਸੂਚਨਾ ਦਿੱਤੀ ਗਈ ਸੀ ਕਿ ਇਨ੍ਹਾਂ ਦੋਵਾਂ ਦੇ ਨਾਂ ਐਗਜ਼ਿਟ ਕੰਟਰੋਲ ਲਿਸਟ 'ਚ ਪਾਏ ਜਾਣ ਕਿਉਂਕਿ ਇਹ ਦੋਵੇਂ ਦੇਸ਼ 'ਤੋਂ ਕਦੇ ਵੀ ਭੱਜ ਸਕਦੇ ਹਨ। ਪਰੰਤੂ ਸਾਡੀ ਅਪੀਲ ਨੂੰ ਸੁਣਿਆ ਨਹੀਂ ਗਿਆ ਹੈ ਤੇ ਦੋਵੇਂ ਭਰਾ ਦੇਸ਼ ਛੱਡ ਕੇ ਭੱਜਣ 'ਚ ਸਫਲ ਰਹੇ। ਦੱਸਣਯੋਗ ਹੈ ਕਿ ਸਾਈ ਦੇ ਅਧਿਕਾਰੀਆਂ 'ਤੇ 1.36 ਬਿਲੀਅਨ ਰੁਪਏ ਦਾ ਬਕਾਇਆ ਹੈ।

ਅਧਿਕਾਰੀ ਨੇ ਦੱਸਿਆ ਕਿ ਵਸੂਲੀ ਨੂੰ ਲੈ ਕੇ ਉਨ੍ਹਾਂ ਨੇ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਸੀ, ਉਸ ਦੌਰਾਨ ਸਾਈ ਦੇ ਮਾਲਕ ਦੇਸ਼ 'ਚ ਹੀ ਸਨ। ਅਧਿਕਾਰੀ ਨੇ ਦੱਸਿਆ ਕਿ ਜੇਕਰ ਸਰਕਾਰ ਨੇ ਉਸ ਵੇਲੇ ਤੁਰੰਤ ਕਾਰਵਾਈ ਕੀਤੀ ਹੁੰਦੀ ਤਾਂ ਅਥਾਰਟੀ ਉਨ੍ਹਾਂ ਤੋਂ ਪੈਸੇ ਵਸੂਲ ਸਕਦੀ ਸੀ। ਪਰੰਤੂ ਇਸ ਮਾਮਲੇ 'ਚ ਉਨ੍ਹਾਂ ਦੀਆਂ ਗੱਲਾਂ 'ਤੇ ਧਿਆਨ ਨਹੀਂ ਦਿੱਤਾ ਗਿਆ।

ਕਿੰਗਫਿਸ਼ਰ ਜਿਹਾ ਪੂਰਾ ਮਾਮਲਾ
ਪਾਕਿਸਤਾਨ ਦੀ ਅਖਬਾਰ ਦ ਡਾਨ ਨੇ ਆਪਣੀ ਰਿਪੋਰਟ 'ਚ ਦੱਸਿਆ ਕਿ ਜਦੋਂ ਸਾਈ ਦੇ ਵਿਦੇਸ਼ੀ ਇਨਵੈਸਟਮੈਂਟ ਬਾਰੇ 'ਚ ਗੱਲ ਕੀਤੀ ਗਈ ਤਾਂ ਅਧਿਕਾਰੀ ਨੇ ਦੱਸਿਆ ਕਿ ਬਾਜ਼ਾਰ 'ਚ ਏਅਰਲਾਈਨ ਦਾ ਵਿਹਾਰ ਖਰਾਬ ਹੋਣ ਕਾਰਨ ਕੋਈ ਵੀ ਨਿਵੇਸ਼ ਲਈ ਅੱਗੇ ਨਹੀਂ ਆਇਆ। ਪ੍ਰਦਰਸ਼ਨ ਕਰ ਰਹੇ ਸਾਈ ਦੇ ਪਾਇਲਟ ਨੇ ਦੱਸਿਆ ਕਿ ਕੰਪਨੀ ਨੇ ਪਿਛਲੇ ਪੰਜ ਮਹੀਨਿਆਂ ਤੋਂ ਕਰਮਚਾਰੀਆਂ ਨੂੰ ਤਨਖਾਹ ਨਹੀਂ ਦਿੱਤੀ ਹੈ। ਇਹ ਹੀ ਨਹੀਂ ਪਾਕਿਸਤਾਨ ਦਾ ਏਵੀਏਸ਼ਨ ਉਦਯੋਗ ਵੀ ਸੰਕਟ 'ਚ ਹੈ। ਫਿਲਹਾਲ ਦੇਸ਼ 'ਚ 3000 ਤੋਂ ਜ਼ਿਆਦਾ ਜਹਾਜ਼ਾਂ ਦੇ ਕਰਮਚਾਰੀ ਤੇ ਪਾਇਲਟ ਨੌਕਰੀ ਦੀ ਤਲਾਸ਼ 'ਚ ਹਨ। ਪਾਇਲਟ ਨੇ ਦੱਸਿਆ ਕਿ ਉਨ੍ਹਾਂ ਨੇ ਪਾਕਿਸਤਾਨ ਦੇ ਮੁੱਖ ਜੱਜ ਨੂੰ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਸਾਈ ਮੈਨੇਜਮੈਂਟ ਦੀ ਪ੍ਰਾਪਰਟੀ ਨੂੰ ਵੇਚਕੇ ਕਰਮਚਾਰੀਆਂ ਦੀ ਸੈਲਰੀ ਦੀ ਭਰਪਾਈ ਕੀਤੀ ਜਾ ਸਕਦੀ ਹੈ।

ਇਹ ਦਿਹਾਕੇ ਤੋਂ ਫਾਇਦੇ 'ਚ ਸੀ ਕੰਪਨੀ
ਉਥੇ ਦੂਜੇ ਕਰਮਚਾਰੀ ਨੇ ਦੱਸਿਆ ਕਿ ਸਾਈ ਦੇ ਕੋਲ ਕਰੀਬ 18 ਬਿਲੀਅਨ ਦੀ ਸਥਾਨਕ ਤੇ ਵਿਦੇਸ਼ੀ ਪ੍ਰਾਪਰਟੀ ਹੈ। ਇਹ ਹੀ ਨਹੀਂ 2006 ਤੋਂ 2016 ਤੱਕ ਏਅਰਲਾਈਨ ਫਾਇਦੇ 'ਚ ਵੀ ਰਹੀ ਹੈ ਖਾਸ ਕਰਕੇ ਖਾੜੀ ਦੇਸ਼ਾਂ ਦੇ ਰੂਟ 'ਤੇ। ਕਰਮਚਾਰੀਆਂ ਨੇ ਦਸਿਆ ਕਿ ਪਿਛਲੇ ਦੱਸ ਤੋਂ ਜ਼ਿਆਦਾ ਸਾਲਾਂ 'ਚ ਏਅਰਲਾਈਨ ਨੇ ਚੰਗਾ ਵਪਾਰ ਕੀਤਾ ਹੈ। ਪਿਛਲੇ ਕੁਝ ਸਾਲਾਂ ਦੇ ਗਲਤ ਫੈਸਲਿਆਂ ਕਾਰਨ ਏਅਰਲਾਈਨ ਲਗਾਤਾਰ ਘਾਟੇ 'ਚ ਗਈ ਤੇ ਹੁਣ ਹਾਲਾਤ ਅਜਿਹੇ ਬਣ ਗਏ ਕਿ ਕਰਮਚਾਰੀਆਂ ਨੂੰ ਤਨਖਾਹ ਤੱਕ ਨਹੀਂ ਦਿੱਤੀ ਜਾ ਰਹੀ।


Baljit Singh

Content Editor

Related News