ਗੁਰਦੁਆਰਾ ਕਰਤੇ ਪਰਵਾਨ ਸਾਹਿਬ ਕਾਬੁਲ 'ਚ ਫਸੇ 260 ਸਿੱਖਾਂ ਨੇ ਲਾਈ ਮਦਦ ਦੀ ਗੁਹਾਰ

Monday, Aug 23, 2021 - 10:48 AM (IST)

ਗੁਰਦੁਆਰਾ ਕਰਤੇ ਪਰਵਾਨ ਸਾਹਿਬ ਕਾਬੁਲ 'ਚ ਫਸੇ 260 ਸਿੱਖਾਂ ਨੇ ਲਾਈ ਮਦਦ ਦੀ ਗੁਹਾਰ

ਵਾਸ਼ਿੰਗਟਨ (ਭਾਸ਼ਾ) : ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਕਰਤੇ ਪਰਵਾਨ ਗੁਰਦੁਆਰਾ ਸਾਹਿਬ ਵਿਚ ਸਿੱਖ ਭਾਈਚਾਰੇ ਦੇ 260 ਤੋਂ ਵੱਧ ਲੋਕਾਂ ਨੇ ਸ਼ਰਨ ਲਈ ਹੈ ਅਤੇ ਉਹ ਤਣਾਅਪੂਰਨ ਦੇਸ਼ ਵਿਚੋਂ ਨਿਕਲਣ ਲਈ ਮਦਦ ਚਾਹੁੰਦੇ ਹਨ। ਇਕ ਅਮਰੀਕੀ ਸਿੱਖ ਸੰਗਠਨ ਨੇ ਇਹ ਕਿਹਾ। ਅਮਰੀਕਾ ਦੇ ਇਕ ਸਿੱਖ ਸੰਗਠਨ ‘ਯੂਨਾਈਟਡ ਸਿੱਖ’ ਨੇ ਇਕ ਬਿਆਨ ਵਿਚ ਕਿਹਾ, ‘ਕਾਬੁਲ ਦੇ ਕਰਤੇ ਪਰਵਾਨ ਗੁਰਦੁਆਰਾ ਸਾਹਿਬ ਵਿਚ ਬੀਬੀਆਂ ਅਤੇ 50 ਤੋਂ ਵੱਧ ਬੱਚਿਆਂ ਸਮੇਤ 260 ਤੋਂ ਵੱਧ ਅਫ਼ਗਾਨ ਨਾਗਰਿਕ ਹਨ। ਇਨ੍ਹਾਂ ਵਿਚ 3 ਨਵਜੰਮ੍ਹੇ ਬੱਚੇ ਵੀ ਸ਼ਾਮਲ ਹਨ, ਜਿਨ੍ਹਾਂ ਵਿਚੋਂ ਇਕ ਦਾ ਜਨਮ ਕੱਲ ਹੀ ਹੋਇਆ ਹੈ।’ ਤਾਲਿਬਾਨ ਦੇ ਅਫ਼ਗਾਨਿਸਤਾਨ ’ਤੇ ਕਾਬਿਜ਼ ਹੋਣ ਦੇ ਬਾਅਦ ਤੋਂ ਸਿਰਫ਼ ਭਾਰਤ ਨੇ ਅਫ਼ਗਾਨਿਸਤਾਨ ਦੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਉਥੋਂ ਕੱਢਣ ਵਿਚ ਮਦਦ ਕੀਤੀ ਹੈ।

ਇਹ ਵੀ ਪੜ੍ਹੋ: ਤਾਲਿਬਾਨ ਨੇ ਕਿਹਾ- ਅਸ਼ਰਫ ਗਨੀ, ਸਾਲੇਹ ਅਤੇ ਸੁਰੱਖਿਆ ਸਲਾਹਕਾਰ ਨੂੰ ਕੀਤਾ ਮੁਆਫ਼, ਤਿੰਨੋਂ ਪਰਤ ਸਕਦੇ ਨੇ ਦੇਸ਼

‘ਯੂਨਾਈਟਡ ਸਿੱਖ’ ਨੇ ਕਿਹਾ, ‘ਅਸੀਂ ਅਮਰੀਕਾ, ਕੈਨੇਡਾ, ਪਾਕਿਸਤਾਨ, ਆਸਟ੍ਰੇਲੀਆ, ਨਿਊਜ਼ੀਲੈਂਡ, ਤਜ਼ਾਕਿਸਤਾਨ, ਈਰਾਨ ਅਤੇ ਬ੍ਰਿਟੇਨ ਸਮੇਤ ਕਈ ਦੇਸ਼ਾਂ ਦੀਆਂ ਸਰਕਾਰਾਂ ਨਾਲ ਇਸ ਸਬੰਧ ਵਿਚ ਗੱਲ ਕਰ ਰਹੇ ਹਾਂ। ਅਸੀਂ ਅੰਤਰਰਾਸ਼ਟਰੀ ਸਹਾਇਤਾ ਏਜੰਸੀਆਂ ਅਤੇ ਗੈਰ ਸਰਕਾਰੀ ਸੰਗਠਨਾਂ ਨਾਲ ਵੀ ਗੱਲ ਕਰ ਰਹੇ ਹਾਂ, ਜੋ ਅਫ਼ਗਾਨਿਸਤਾਨ ਵਿਚ ਫਸੇ ਲੋਕਾਂ ਨੂੰ ਉਥੋਂ ਕੱਢਣ ਵਿਚ ਮਦਦ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਦੇ ਇਲਾਵਾ, ਅਫ਼ਗਾਨਿਸਤਾਨ ’ਤੇ ਜ਼ਮੀਨੀ ਪੱਧਰ ’ਤੇ ਇਸ ਸਬੰਧ ਵਿਚ ਕੰਮ ਕਰ ਰਹੀਆਂ ਕੰਪਨੀਆਂ ਨਾਲ ਵੀ ਅਸੀਂ ਸੰਪਰਕ ਕਰ ਰਹੇ ਹਾਂ।’ 

ਇਹ ਵੀ ਪੜ੍ਹੋ: ਫੈਲੇਗਾ ਅੱਤਵਾਦ ਦਾ ਸਾਇਆ! ਅਲਕਾਇਦਾ ਨੇ ਤਾਲਿਬਾਨ ਨੂੰ ਦਿੱਤੀ ਅਫ਼ਗਾਨਿਸਤਾਨ ਜਿੱਤਣ ਦੀ ਵਧਾਈ

‘ਯੂਨਾਈਟਡ ਸਿੰਖ’ ਮੁਤਾਬਕ ਇਸ ਬਚਾਅ ਕੰਮ ਦੀ ਸਭ ਤੋਂ ਵੱਡੀ ਚੁਣੌਤੀ ਕਰਤੇ ਪਰਵਾਨ ਗੁਰਦੁਆਰਾ ਸਾਹਿਬ ਤੋਂ ਕਾਬੁਲ ਦੇ ਅੰਤਰਰਾਸ਼ਟਰੀ ਹਵਾਈਅੱਡੇ ਤੱਕ ਜਾਣ ਦਾ 10 ਕਿਲੋਮੀਟਰ ਲੰਬਾ ਰਸਤਾ ਹੈ, ਜਿਸ ਮਾਰਗ ’ਤੇ ਕਈ ਜਾਂਚ ਚੌਕੀਆਂ ਸਥਾਪਤ ਕੀਤੀਆਂ ਗਈਆਂ ਹਨ। ਅਫ਼ਗਾਨਿਸਤਾਨ ਦੇ ਘੱਟ ਗਿਣਤੀ ਭਾਈਚਾਰੇ ਦੇ ਕੁੱਝ ਲੋਕਾਂ ਨੇ ਪਿਛਲੇ ਹਫ਼ਤੇ ਉਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਸੀ ਜੋ ਅਸਫ਼ਲ ਰਹੀ। ਗੁਰਦੁਆਰਾ ਸਾਹਿਬ ਵਿਚ ਸ਼ਰਨ ਲੈਣ ਵਾਲੇ ਜਲਾਲਾਬਾਦ ਦੇ ਸੁਰਬੀਰ ਸਿੰਘ ਨੇ ਕਿਹਾ, ‘ਅਸੀਂ ਹਵਾਈਅੱਡੇ ’ਤੇ ਜਾਣ ਨੂੰ ਤਿਆਰ ਹਾਂ ਪਰ ਸਾਨੂੰ ਕਾਬੁਲ ਤੋਂ ਜਾਣ ਵਾਲੀਆਂ ਉਡਾਣਾਂ ਦੇ ਰੱਦ ਹੋਣ ਦਾ ਡਰ ਹੈ। ਸਾਡੇ ਕੋਲ ਬੀਬੀਆਂ, ਬੱਚਿਆਂ, ਬਜ਼ੁਰਗਾਂ ਅਤੇ ਨਵਜੰਮ੍ਹੇ ਬੱਚਿਆਂ ਨੂੰ ਦੇਸ਼ ਵਿਚੋਂ ਬਾਹਰ ਕੱਢਣ ਦਾ ਇਹੀ ਇਕਮਾਤਰ ਮੌਕਾ ਹੈ। ਇਕ ਵਾਰ ਜਦੋਂ ਮੌਜੂਦਾ ਅਧਿਕਾਰੀਆਂ ਨੇ ਪੂਰੇ ਦੇਸ਼ ’ਤੇ ਕਬਜ਼ਾ ਕਰ ਲਿਆ ਤਾਂ ਉਹ ਸਾਡੇ ਭਾਈਚਾਰੇ ਦਾ ਅੰਤ ਹੋਵੇਗਾ।’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News