ਮੈਕਰੋਨ ਦੇ ਇਸ ਬਿਆਨ ਤੋਂ ਭੜਕੇ ਮੁਸਲਿਮ ਦੇਸ਼, ਕਰ ਰਹੇ ਫ੍ਰਾਂਸੀਸੀ ਉਤਪਾਦਾਂ ਦਾ ਬਾਈਕਾਟ
Tuesday, Oct 27, 2020 - 02:28 AM (IST)
ਪੈਰਿਸ - ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਵੱਲੋਂ ਇਸਲਾਮਕ ਅੱਤਵਾਦ ਦੀ ਨਿੰਦਾ ਕਰਨੀ ਹੁਣ ਉਨ੍ਹਾਂ 'ਤੇ ਭਾਰੂ ਹੁੰਦੀ ਦਿੱਖ ਰਹੀ ਹੈ। ਅਰਬ ਸਮੇਤ ਜ਼ਿਆਦਾਤਰ ਮੁਸਲਿਮ ਦੇਸ਼ਾਂ ਵਿਚ ਫ੍ਰਾਂਸੀਸੀ ਉਤਪਾਦਾਂ ਦੇ ਬਾਈਕਾਟ ਦੀ ਮੰਗ ਤੇਜ਼ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁਵੈਤ, ਜਾਰਡਨ ਅਤੇ ਕਤਰ ਵਿਚ ਕਈ ਦੁਕਾਨਾਂ ਤੋਂ ਫਰਾਂਸ ਦੇ ਬਣੇ ਸਮਾਨਾਂ ਨੂੰ ਹਟਾ ਦਿੱਤਾ ਗਿਆ ਹੈ। ਉਥੇ ਏਸ਼ੀਆ ਵਿਚ ਵੀ ਪਾਕਿਸਤਾਨ ਅਤੇ ਬੰਗਲਾਦੇਸ਼ ਵਿਚ ਫਰਾਂਸ ਖਿਲਾਫ ਰੋਸ-ਮੁਜ਼ਾਹਰੇ ਹੋਏ ਹਨ।
ਆਖਿਰ ਕੀ ਕਿਹਾ ਸੀ ਰਾਸ਼ਟਰਪਤੀ ਮੈਕਰੋਨ ਨੇ
ਦਰਅਸਲ, 16 ਅਕਤੂਬਰ ਨੂੰ ਪੈਰਿਸ ਦੇ ਉਪ-ਨਗਰੀ ਇਲਾਕੇ ਵਿਚ ਇਕ ਅਧਿਆਪਕ ਦੀ ਮੁਹੰਮਦ ਸਾਹਿਬ ਦਾ ਕਾਰਟੂਨ ਦਿਖਾਉਣ ਦੇ ਕਾਰਣ ਗਲਾ ਰੇਟ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਫ੍ਰਾਂਸੀਸੀ ਰਾਸ਼ਟਰਪਤੀ ਨੇ ਇਸ ਨੂੰ ਇਸਲਾਮਕ ਅੱਤਵਾਦ ਕਰਾਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਸਲਾਮ ਇਕ ਅਜਿਹਾ ਧਰਮ ਹੈ ਜਿਸ ਨਾਲ ਅੱਜ ਪੂਰੀ ਦੁਨੀਆ ਵਿਚ ਸੰਕਟ ਹੈ। ਉਨ੍ਹਾਂ ਇਹ ਵੀ ਆਖਿਆ ਕਿ ਉਨ੍ਹਾਂ ਨੂੰ ਡਰ ਹੈ ਕਿ ਫਰਾਂਸ ਦੀ ਕਰੀਬ 60 ਲੱਖ ਮੁਸਲਮਾਨਾਂ ਦੀ ਆਬਾਦੀ ਸਮਾਜ ਦੀ ਮੁੱਖ ਧਾਰਾ ਤੋਂ ਅਲੱਗ-ਥਲਗ ਪੈ ਸਕਦੀ ਹੈ। ਇਸ ਤੋਂ ਬਾਅਦ ਫ੍ਰਾਂਸੀਸੀ ਰਾਸ਼ਟਰਪਤੀ ਖਿਲਾਫ ਰੋਸ-ਮੁਜ਼ਾਹਰੇ ਤੇਜ਼ ਹੋ ਗਏ ਹਨ।
ਸੋਸ਼ਲ ਮੀਡੀਆ 'ਤੇ ਫ੍ਰੈਂਚ ਉਤਪਾਦਾਂ ਦੇ ਬਾਈਕਾਟ ਦੀ ਅਪੀਲ
ਕਈ ਮੁਸਲਿਮ ਦੇਸ਼ਾਂ ਵਿਚ ਫ੍ਰਾਂਸੀਸੀ ਉਤਪਾਦਾਂ ਨੂੰ ਬਾਈਕਾਟ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਫੇਸਬੁੱਕ, ਟਵਿੱਟਰ ਅਤੇ ਵਾਟਸਐਪ 'ਤੇ #BoycottFrenchProducts, #BoycottFrance Products, #boycottfrance #boycott_French_products #ProphetMuhammad ਟ੍ਰੈਂਡ ਕਰ ਰਿਹਾ ਹੈ।
ਕਤਰ ਤੇ ਕੁਵੈਤ ਵਿਚ ਫਰਾਂਸ ਨੂੰ ਭਾਰੀ ਨੁਕਸਾਨ
ਖਾੜ੍ਹੀ ਦੇਸ਼ ਕਤਰ ਅਤੇ ਕੁਵੈਤ ਵਿਚ ਫਰਾਂਸ ਦੇ ਵਪਾਰ ਨੂੰ ਭਾਰੀ ਨੁਕਸਾਨ ਪਹੁੰਚਣ ਦੀ ਸ਼ੰਕਾ ਹੈ। ਕੁਵੈਤ ਦੀ ਸੁਪਰ ਮਾਰਕਿਟ ਚੈਨ ਲਗਾਉਣ ਵਾਲੀ ਅਲਨਈਮ ਨੂੰ ਅਪਰੇਟਿਵ ਸੋਸਾਇਟੀ, ਸਬਰਬ ਆਫਟਰਨੂਨ ਐਸੋਸੀਏਸ਼ਨ, ਇਕਲਾ ਕੋ-ਅਪਰੇਟਿਵ ਸੋਸਾਇਟੀ ਅਤੇ ਸਾਦ ਅਲ ਅਬਦੁੱਲਾ ਸਿਟੀ ਕੋ-ਅਪਰੇਟਿਵ ਨੇ ਫ੍ਰਾਂਸੀਸੀ ਉਤਪਾਦਾਂ ਨੂੰ ਹਟਾਉਣ ਦਾ ਐਲਾਨ ਕੀਤਾ ਹੈ। ਉਥੇ, ਕਤਰ ਦੀ ਅਲਵਾਜਬਾ ਡੇਅਰੀ ਕੰਪਨੀ ਅਤੇ ਅਲਮੇਰਾ ਕੰਜਿਊਮਰ ਗੁੱਡਸ ਕੰਪਨੀ ਨੇ ਵੀ ਅਜਿਹਾ ਹੀ ਐਲਾਨ ਕੀਤਾ ਹੈ।
ਫਰਾਂਸ ਨੂੰ ਕਿੰਨਾ ਹੋ ਸਕਦੈ ਨੁਕਸਾਨ
ਫਰਾਂਸ ਨੂੰ ਉਤਪਾਦਾਂ ਦੇ ਬਾਈਕਾਟ ਨਾਲ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਫਰਾਂਸ ਦੇ ਬਣੇ ਬਿਊਟੀ ਉਤਪਾਦਾਂ ਅਤੇ ਹੋਰ ਕਈ ਉਤਪਾਦ ਵਿਦੇਸ਼ਾਂ ਵਿਚ ਮਹਿੰਗੇ ਭਾਅ 'ਤੇ ਵਿੱਕਦੇ ਹਨ। ਫਰਾਂਸ ਦੇ ਬਣੇ ਸਮਾਨਾਂ ਦੀ ਅੰਤਰਰਾਸ਼ਟਰੀ ਮਾਰਕਿਟ ਵਿਚ ਵੀ ਵੱਡੀ ਸਾਖ ਹੈ। ਇਥੇ ਬਣੇ ਡਿਜ਼ਾਈਨਰ ਕੱਪੜਿਆਂ ਦੀ ਵੀ ਵਿਦੇਸ਼ਾਂ ਵਿਚ ਖੂਬ ਮੰਗ ਹੁੰਦੀ ਹੈ। ਇਸ ਤੋਂ ਇਲਾਵਾ ਫ੍ਰੈਂਚ ਵਾਈਨ ਅਤੇ ਸ਼ੈਂਪੇਨ ਵੀ ਕਾਫੀ ਮਸ਼ਹੂਰ ਹਨ।
ਭਾਰਤ ਵਿਚ ਵੀ ਸੋਸ਼ਲ ਮੀਡੀਆ 'ਤੇ ਫਰਾਂਸ ਦਾ ਵਿਰੋਧ
ਭਾਰਤ ਵਿਚ ਵੀ ਸੋਸ਼ਲ ਮੀਡੀਆ ਵਿਚ ਫਰਾਂਸ ਦਾ ਵਿਰੋਧ ਟ੍ਰੈਂਡ ਕਰ ਰਿਹਾ ਹੈ। ਕਈ ਯੂਜ਼ਰਾਂ ਨੇ ਫ੍ਰਾਂਸੀਸੀ ਸਮਾਨਾਂ ਦੇ ਬਾਈਕਾਟ ਦਾ ਸਮਰਥਨ ਕੀਤਾ ਹੈ। ਹਾਲਾਂਕਿ ਅਜੇ ਤੱਕ ਭਾਰਤ ਵਿਚ ਕਿਸੇ ਥਾਂ ਤੋਂ ਸਮਾਜਿਕ ਵਿਰੋਧ ਦੀ ਖਬਰ ਨਹੀਂ ਹੈ। ਭਾਰਤ ਦੀ ਸੋਸ਼ਲ ਮੀਡੀਆ ਵਿਚ #Boycott_French_Products और #boycottfrance ਟ੍ਰੈਂਡ ਕਰ ਰਿਹਾ ਹੈ।