ਇਟਲੀ ਦੇ ਕਸਤੇਲਵੇਰਦੇ ਵਿਖੇ ਯੋਗ ਕੈਂਪ ਦਾ ਆਯੋਜਨ
Tuesday, Jun 25, 2024 - 05:09 PM (IST)

ਮਿਲਾਨ ਇਟਲੀ ( ਸਾਬੀ ਚੀਨੀਆ ) - ਪੂਰੀ ਦੁਨੀਆ ਵਿੱਚ 21 ਜੂਨ ਨੂੰ ਯੋਗ ਦਿਵਸ ਮਨਾਇਆ ਜਾਂਦਾ ਹੈ। ਇਸ ਦਾ ਮੁੱਖ ਮੰਤਵ ਲੋਕਾਂ ਵਿੱਚ ਯੋਗਾ ਪ੍ਰਤੀ ਜਾਗਰੂਕਤਾ ਲਿਆਉਣਾ ਹੈ। ਇਟਲੀ ਵਿੱਚ ਵੀ ਭਾਰਤੀ ਅੰਬੈਸੀ ਦੇ ਸਹਿਯੋਗ ਨਾਲ ਵੱਖ-ਵੱਖ ਥਾਵਾਂ 'ਤੇ ਯੋਗ ਕੈਂਪ ਲਗਾਏ ਜਾ ਰਹੇ ਹਨ। ਬੀਤੇ ਦਿਨੀਂ ਕਰੇਮੋਨਾ ਜ਼ਿਲ੍ਹੇ ਦੇ ਕਸਤੇਲਵੇਰਦੇ ਵਿਖੇ ਯੋਗ ਕੈਂਪ ਆਯੋਜਿਤ ਕੀਤਾ ਗਿਆ। ਇਹ ਭਾਰਤੀ ਕੌਂਸਲੇਟ ਮਿਲਾਨ ਅਤੇ ਕਸਤੇਲਵੇਰਦੇ ਨਗਰ ਕੌਂਸਲ ਦੇ ਸਹਿਯੋਗ ਨਾਲ ਸ਼੍ਰੀ ਦੁਰਗਿਆਣਾ ਮੰਦਰ ਕਸਤੇਲਵੇਰਦੇ ਦੀ ਪ੍ਰਬੰਧਕ ਕਮੇਟੀ ਦੁਆਰਾ ਕਸਤੇਲਵੇਰਦੇ ਦੀ ਪਾਰਕ ਵਿੱਚ ਇਸ ਯੋਗ ਕੈਂਪ ਦਾ ਆਯੋਜਨ ਕੀਤਾ ਗਿਆ।
ਜਿਸ ਵਿੱਚ ਭਾਰਤੀ ਕੌਂਸਲੇਟ ਮਿਲਾਨ ਅਤੇ ਕਸਤੇਲਵੇਰਦੇ ਨਗਰ ਕੌਂਸਲ ਦੇ ਅਧਿਕਾਰੀਆ, ਇੰਦੂਇਸਤਾ ਇਤਲੀਆਨਾ ਦੇ ਮੈਂਬਰਾਂ ਤੋਂ ਇਲਾਵਾ ਭਾਰਤੀਆਂ, ਇਟਾਲੀਅਨ ਅਤੇ ਹੋਰਨਾਂ ਮੂਲ ਦੇ ਲੋਕਾਂ ਨੇ ਹਿੱਸਾ ਲਿਆ। ਕਸਤੇਲਵੇਰਦੇ ਵਿਖੇ ਆਯੋਜਿਤ ਕੀਤੇ ਯੋਗਾ ਕੈਂਪ ਵਿੱਚ ਵੱਖ-ਵੱਖ ਆਸਣ ਕਰਵਾਏ ਗਏ। ਜਿਸਦੇ ਫਾਇਦੇ ਦੱਸਦਿਆਂ ਦੱਸਿਆ ਕਿ ਯੋਗਾ ਨਾ ਸਿਰਫ਼ ਸਾਡੇ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ ਸਗੋਂ ਸਾਨੂੰ ਮਾਨਸਿਕ ਤੌਰ ’ਤੇ ਵੀ ਤੰਦਰੁਸਤ ਰੱਖਦਾ ਹੈ।
ਯੋਗਾ ਨਾਲ ਸਰੀਰ ਤੇ ਦਿਮਾਗ਼ ਨੂੰ ਅਲੱਗ ਹੀ ਊਰਜਾ ਮਿਲਦੀ ਹੈ। ਨਾਲ ਹੀ ਯੋਗਾ ਕਰਨ ਵਾਲੇ ਕਦੇ ਵੀ ਮਾਨਸਿਕ ਤਣਾਅ ਦਾ ਸ਼ਿਕਾਰ ਨਹੀਂ ਹੁੰਦੇ। ਅੰਤ ਵਿੱਚ ਸ਼੍ਰੀ ਦੁਰਗਿਆਣਾ ਮੰਦਿਰ ਕਸਤੇਲਵੇਰਦੇ ਦੇ ਪ੍ਰਬੰਧਕ ਅਨਿਲ ਕੁਮਾਰ ਲੋਧੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਯੋਗ ਨੂੰ ਪ੍ਰਫੁੱਲਿਤ ਕਰਨ ਲਈ ਮੂਹਰੀ ਭੁਮਿਕਾ ਨਿਭਾਈ ਹੈ। ਜਿਸ ਦੇ ਚਲਦਿਆ ਵਿਦੇਸ਼ੀ ਲੋਕਾਂ ਵਿੱਚ ਵੀ ਯੋਗ ਪ੍ਰਤੀ ਕਾਫੀ ਉਤਸ਼ਾਹ ਦੱਸ ਰਿਹਾ ਹੈ।