ਓਰੇਗਨ ਜੰਗਲੀ ਅੱਗ ਕਾਰਨ ਸੈਂਕੜੇ ਘਰ ਤਬਾਹ, ਭਾਰੀ ਨੁਕਸਾਨ ਦਾ ਅਲਰਟ ਜਾਰੀ (ਤਸਵੀਰਾਂ)
Thursday, Sep 10, 2020 - 10:09 AM (IST)
ਐਸਟਾਡਾ- ਅਮਰੀਕਾ ਉੱਤਰੀ-ਪੱਛਮੀ ਪ੍ਰਸ਼ਾਂਤ ਖੇਤਰ ਵਿਚ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਤੇਜ਼ ਹਵਾਵਾਂ ਕਾਰਨ ਫੈਲ ਗਈ ਅਤੇ ਓਰੇਗਨ ਸਥਿਤ ਸੈਂਕੜੇ ਘਰ ਸੜ ਕੇ ਸਵਾਹ ਹੋ ਗਏ।
ਗਵਰਨਰ ਨੇ ਬੁੱਧਵਾਰ ਨੂੰ ਅਲਰਟ ਕੀਤਾ ਕਿ ਜੰਗਲਾਂ ਵਿਚ ਲੱਗੀ ਅੱਗ ਕਾਰਨ ਸੂਬੇ ਦੇ ਇਤਿਹਾਸ ਵਿਚ ਜਾਨ-ਮਾਲ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਨੁਕਸਾਨ ਹੋ ਸਕਦਾ ਹੈ। ਫਾਇਰ ਫਾਈਟਰਜ਼ ਨੂੰ ਅੱਗ 'ਤੇ ਕਾਬੂ ਪਾਉਣ ਵਿਚ ਕਾਫੀ ਪਰੇਸ਼ਾਨੀ ਹੋ ਰਹੀ ਹੈ ਕਿਉਂਕਿ ਉੱਥੇ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ ਤੇ ਅੱਗ ਦੇ ਭਾਂਬੜ ਹੋਰ ਮਚ ਗਏ। ਓਰੇਗਨ ਦੇ ਪੱਛਮ ਵਿਚ ਕੁੱਝ ਲੋਕਾਂ ਨੂੰ ਉਸੇ ਸਮੇਂ ਘਰ ਖਾਲੀ ਕਰਨ ਨੂੰ ਕਿਹਾ ਗਿਆ।
ਓਰੇਗਨ ਦੀ ਗਵਰਨਰ ਕੇਟ ਬਰਾਊਨ ਨੇ ਅਲਰਟ ਕੀਤਾ ਕਿ ਸੋਮਵਾਰ ਨੂੰ ਫੈਲੀ ਅੱਗ ਕਾਰਨ ਭਾਰੀ ਤਬਾਹ ਮਚ ਸਕਦੀ ਹੈ। ਬਰਾਊਨ ਨੇ ਕਿਹਾ ਕਿ ਸਾਰੇ ਅਲਰਟ ਰਹਿਣ। ਆਉਣ ਵਾਲੇ ਕੁਝ ਦਿਨ ਬਹੁਤ ਮੁਸ਼ਕਲ ਹੋਣ ਵਾਲੇ ਹਨ। ਬਰਾਊਨ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਤੱਕ ਅੱਗ ਕਾਰਨ ਕੋਈ ਜ਼ਖਮੀ ਨਹੀਂ ਹੋਇਆ ਪਰ ਸੈਂਕੜੇ ਲੋਕਾਂ ਨੇ ਆਪਣੇ ਘਰ ਗੁਆ ਦਿੱਤੇ, ਜਿਸ ਕਾਰਨ ਲੋਕਾਂ ਨੂੰ ਭਾਰੀ ਨੁਕਸਾਨ ਹੋਇਆ।