ਪਾਕਿਸਤਾਨ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਵੰਡਿਆ ਵਿਰੋਧੀ ਧਿਰ, ਮੈਦਾਨ ਵਿਚ ਉਤਾਰੇ ਦੋ ਉਮੀਦਵਾਰ
Monday, Aug 27, 2018 - 06:15 PM (IST)

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਵਿਚ ਵਿਰੋਧੀ ਧਿਰ ਚਾਰ ਸਤੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਸਾਂਝੇ ਉਮੀਦਵਾਰ ਦੇ ਨਾਂ 'ਤੇ ਸਹਿਮਤ ਨਾ ਹੋ ਸਕੇ। ਖਿੰਡੇ ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪੀ.ਟੀ.ਆਈ. (ਪਾਕਿਸਤਾਨ ਤਹਿਰੀਕ-ਏ-ਇਨਸਾਫ) ਦੇ ਉਮੀਦਵਾਰ ਡਾ. ਆਰਿਫ ਅਲਵੀ ਵਿਰੁੱਧ ਆਪਣੇ ਦੋ ਉਮੀਦਵਾਰ ਮੈਦਾਨ ਵਿਚ ਉਤਾਰੇ ਹਨ।
ਬਿਲਾਵਲ ਭੁੱਟੋ ਦੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਨੇ ਐਤਜਾਜ਼ ਅਹਿਸਾਨ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਜਦੋਂ ਕਿ ਇਕ ਹੋਰ ਉਮੀਦਵਾਰ ਜਮੀਅਤ-ਉਲਮਾ-ਏ-ਇਸਲਾਮ ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੂੰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ- ਨਵਾਜ਼ (ਪੀ.ਐਮ.ਐਲ-ਐਨ.) ਅਤੇ ਮੁਤਹਿਦਾ ਮਜਲਿਸ-ਏ-ਅਮਾਲ ਦੇ ਨਾਲ ਕੁਝ ਹੋਰ ਪਾਰਟੀਆਂ ਦੀ ਹਮਾਇਤ ਹਾਸਲ ਹੈ। ਤਿਕੋਣੀ ਮੁਕਾਬਲੇ ਵਿਚ ਆਰਿਫ ਅਲਵੀ ਦੇ ਰਾਸ਼ਟਰਪਤੀ ਬਣਨ ਦੀ ਰਾਹ ਸੌਖੀ ਹੋ ਸਕਦੀ ਹੈ। ਮੌਜੂਦਾ ਰਾਸ਼ਟਰਪਤੀ ਮਮਨੂਨ ਹੁਸੈਨ ਦਾ ਕਾਰਜਕਾਲ 9 ਸਤੰਬਰ ਨੂੰ ਖਤਮ ਹੋ ਰਿਹਾ ਹੈ। ਦੇਸ਼ ਦੀ ਸੰਸਦ ਅਤੇ ਚਾਰਾਂ ਸੂਬਿਆਂ ਦੀ ਵਿਧਾਨ ਸਭਾਵਾਂ ਦੇ ਮੈਂਬਰ ਰਾਸ਼ਟਰਪਤੀ ਚੋਣਾਂ ਵਿਚ ਵੋਟਿੰਗ ਕਰਦ ਹਨ।