ਕੈਨੇਡਾ : ਓਂਟਾਰੀਓ ਦੇ ਬਾਜ਼ਾਰਾਂ 'ਚ 11 ਜੂਨ ਤੋਂ ਫਿਰ ਲੱਗੇਗੀ ਲੋਕਾਂ ਦੀ ਰੌਣਕ

Wednesday, Jun 09, 2021 - 07:39 PM (IST)

ਕੈਨੇਡਾ : ਓਂਟਾਰੀਓ ਦੇ ਬਾਜ਼ਾਰਾਂ 'ਚ 11 ਜੂਨ ਤੋਂ ਫਿਰ ਲੱਗੇਗੀ ਲੋਕਾਂ ਦੀ ਰੌਣਕ

ਟੋਰਾਂਟੋ- ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਕਾਰਨ ਕੈਨੇਡਾ ਦਾ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਰਿਹਾ ਓਂਟਾਰੀਓ ਹੁਣ ਲਗਾਤਾਰ ਮਾਮਲੇ ਘੱਟ ਹੋਣ ਦੇ ਮੱਦੇਨਜ਼ਰ ਪਾਬੰਦੀਆਂ ਵਿਚ ਢਿੱਲ ਦੇਣ ਜਾ ਰਿਹਾ ਹੈ। ਇਸ ਤਹਿਤ 11 ਜੂਨ ਤੋਂ ਬੰਦਸ਼ਾਂ ਵਿਚ ਢਿੱਲ ਦਿੱਤੀ ਜਾ ਰਹੀ ਹੈ।

ਹਾਲਾਂਕਿ, ਪਹਿਲਾਂ ਪਹਿਲੇ ਗੇੜ ਤਹਿਤ ਸੂਬੇ ਨੂੰ ਖੋਲ੍ਹਣ ਲਈ 14 ਜੂਨ ਤਾਰੀਖ਼ ਨਿਰਧਾਰਤ ਕੀਤੀ ਗਈ ਸੀ ਪਰ ਹੁਣ ਤਿੰਨ ਦਿਨ ਪਹਿਲਾਂ 11 ਜੂਨ ਤੋਂ ਹੀ ਕੋਰੋਨਾ ਪਾਬੰਦੀਆਂ ਵਿਚ ਕੁਝ ਢਿੱਲ ਦਿੱਤੀ ਜਾ ਰਹੀ ਹੈ। ਓਂਟਾਰੀਓ ਵਿਚ ਕੋਰੋਨਾ ਸੰਕਰਮਣ ਦੇ ਘੱਟ ਹੋ ਰਹੇ ਮਾਮਲੇ ਤੇ ਟੀਕਾਕਰਨ ਵਿਚ ਵੱਡੀ ਆਬਾਦੀ ਨੂੰ ਕਵਰ ਕੀਤੇ ਜਾਣ ਮਗਰੋਂ ਪਾਬੰਦੀਆਂ ਵਿਚ ਇਹ ਰਾਹਤ ਦਿੱਤੀ ਜਾ ਰਹੀ ਹੈ।

ਸ਼ੁੱਕਰਵਾਰ ਤੋਂ ਬਾਜ਼ਾਰ ਖੁੱਲ੍ਹ ਸਕਣਗੇ। ਹਾਲਾਂਕਿ, ਗੈਰ-ਜ਼ਰੂਰੀ ਰਿਟੇਲ ਸਟੋਰਾਂ ਜਾਂ ਦੁਕਾਨਾਂ ਨੂੰ 15 ਫ਼ੀਸਦ ਤੱਕ ਦੀ ਸਮਰੱਥਾ ਨਾਲ ਹੀ ਖੁੱਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ। ਉੱਥੇ ਹੀ, ਜ਼ਰੂਰੀ ਚੀਜ਼ਾਂ ਦੇ ਸਟੋਰ 25 ਫ਼ੀਸਦੀ ਸਮਰੱਥਾ ਤੱਕ ਨਾਲ ਕੰਮ ਕਰ ਸਕਦੇ ਹਨ। ਇਸ ਤੋਂ ਇਲਾਵਾ ਹੁਣ ਬਾਹਰੀ ਇਕੱਠ ਵਿਚ ਵੱਧ ਤੋਂ ਵੱਧ 10 ਲੋਕ ਇਕੱਠੇ ਹੋ ਸਕਦੇ ਹਨ। ਵਿਆਹ ਤੇ ਮਰਗਤ ਜਿਹੇ ਸਮਾਗਮਾਂ ਵਿਚ 2 ਮੀਟਰ ਦੀ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ। 

ਇਹ ਵੀ ਪੜ੍ਹੋ- ਪ੍ਰਿੰਸ ਹੈਰੀ ਵੱਲੋਂ ਬੇਟੀ ਦਾ ਨਾਮ 'ਲਿਲਿਬੇਟ' ਰੱਖਣ 'ਤੇ ਉੱਠਿਆ ਵਿਵਾਦ

ਇਨਡੋਰ ਹੋਣ ਵਾਲੇ ਵਿਆਹ ਅਤੇ ਹੋਰ ਸਮਾਗਮਾਂ ਵਿਚ ਕਮਰੇ ਦੀ ਸਮਰੱਥਾ ਮੁਤਾਬਕ 15 ਫ਼ੀਸਦ ਲੋਕ ਇਕੱਠੇ ਹੋ ਸਕਣਗੇ। ਰੈਸਟੋਰੈਂਟਾਂ ਵਿਚ ਇਕ ਮੇਜ 'ਤੇ ਖਾਣਾ ਖਾਣ ਲਈ ਚਾਰ ਲੋਕ ਬੈਠ ਸਕਦੇ ਹਨ। ਓਂਟਾਰੀਓ ਸਰਕਾਰ ਮੁਤਾਬਕ, 7 ਜੂਨ ਤੱਕ ਸੂਬੇ ਦੇ 72 ਫ਼ੀਸਦੀ ਤੋਂ ਵੱਧ ਬਾਲਗਾਂ ਨੂੰ ਪਹਿਲੀ ਖੁਰਾਕ ਲੱਗ ਚੁੱਕੀ ਹੈ। ਜਿਵੇਂ-ਜਿਵੇਂ ਸੂਬੇ ਵਿਚ ਲੋਕਾਂ ਨੂੰ ਪਹਿਲੀ ਖੁਰਾਕ ਅਤੇ ਦੂਜੀ ਖੁਰਾਕ ਲੱਗਣ ਦੀ ਗਿਣਤੀ ਵਿਚ ਵਾਧਾ ਹੋਵੇਗਾ ਉਸੇ ਮੁਤਾਬਕ, ਦੂਜੇ ਅਤੇ ਤੀਜੇ ਗੇੜ ਵਿਚ ਸੂਬੇ ਵਿਚ ਪਾਬੰਦੀਆਂ ਨੂੰ ਅੱਗੇ ਖੋਲ੍ਹਿਆ ਜਾਵੇਗਾ।

ਇਹ ਵੀ ਪੜ੍ਹੋ- ਕਿਸਾਨਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਝੋਨੇ ਦੇ ਐੱਮ. ਐੱਸ. ਪੀ. 'ਚ ਕੀਤਾ ਵਾਧਾ


author

Sanjeev

Content Editor

Related News