ਓਂਟਾਰੀਓ ''ਚ ਫਿਰ ਵੱਜੀ ਖ਼ਤਰੇ ਦੀ ਘੰਟੀ, ਕੋਰੋਨਾ ਦੇ ਨਵੇਂ ਰਿਕਾਰਡ ਮਾਮਲੇ ਦਰਜ
Saturday, Nov 28, 2020 - 11:36 AM (IST)
ਟੋਰਾਂਟੋ- ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਕੋਰੋਨਾ ਵਾਇਰਸ ਦੇ 1800 ਤੋਂ ਵੱਧ ਨਵੇਂ ਮਾਮਲੇ ਬੀਤੇ 24 ਘੰਟਿਆਂ ਦੌਰਾਨ ਦਰਜ ਹੋਣ ਨਾਲ ਸੂਬੇ ਲਈ ਖਤਰੇ ਦੀ ਘੰਟੀ ਇਕ ਵਾਰ ਫਿਰ ਵੱਜ ਗਈ ਹੈ।
ਸੂਬਾ ਸਿਹਤ ਮੁਖੀ ਮੁਤਾਬਕ ਸੂਬੇ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 1,855 ਨਵੇਂ ਮਾਮਲੇ ਦਰਜ ਹੋਏ ਹਨ। ਇਕ ਦਿਨ ਵਿਚ ਰਿਕਾਰਡ ਹੋਏ ਕੋਰੋਨਾ ਦੇ ਮਾਮਲਿਆਂ ਦੀ ਇਹ ਵੱਡੀ ਗਿਣਤੀ ਹੈ। ਇਸ ਤੋਂ ਪਹਿਲਾਂ ਕੋਰੋਨਾ ਮਾਮਲਿਆਂ ਵਿਚ ਗਿਰਾਵਟ ਆਉਣੀ ਸ਼ੁਰੂ ਹੋਈ ਸੀ, ਜਿਸ ਕਾਰਨ ਮਾਹਰਾਂ ਨੂੰ ਲੱਗ ਰਿਹਾ ਸੀ ਕਿ ਕੋਰੋਨਾ ਪਾਬੰਦੀਆਂ ਸਫਲ ਹੋ ਰਹੀਆਂ ਹਨ ਤੇ ਕੋਰੋਨਾ ਪੀੜਤਾਂ ਦੀ ਗਿਣਤੀ ਘਟਣ ਲੱਗ ਗਈ ਹੈ ਪਰ ਅੱਜ ਦੀ ਰਿਪੋਰਟ ਚਿੰਤਾਜਨਕ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕੋਰੋਨਾ ਦੇ 1,588 ਮਾਮਲੇ ਦਰਜ ਹੋਏ ਸਨ।
ਅਧਿਕਾਰੀਆਂ ਮੁਤਾਬਕ ਬੀਤੇ 24 ਘੰਟੇ ਦੌਰਾਨ 58,037 ਲੋਕਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ। ਪਹਿਲੀ ਵਾਰ 50 ਹਜ਼ਾਰ ਟੈਸਟਾਂ ਤੋਂ ਵੱਧ ਲੋਕਾਂ ਦਾ ਟੈਸਟ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਾ ਮਾਮਲਿਆਂ ਦਾ ਪਾਜ਼ੀਟਿਵ ਰੇਟ 3.7 ਫ਼ੀਸਦੀ ਹੋ ਗਿਆ ਹੈ। ਸੂਬੇ ਵਿਚ ਸ਼ੁੱਕਰਵਾਰ ਨੂੰ 20 ਹੋਰ ਲੋਕਾਂ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ। ਇਨ੍ਹਾਂ ਵਿਚੋਂ 13 ਲੋਕ ਲਾਂਗ ਟਰਮ ਕੇਅਰ ਸੈਂਟਰ ਵਿਚ ਰਹਿਣ ਵਾਲੇ ਲੋਕ ਸਨ।
ਪੀਲ ਰੀਜਨ ਵਿਚ ਕੋਰੋਨਾ ਦੇ ਨਵੇਂ 517, ਟੋਰਾਂਟੋ ਵਿਚ 494 ਅਤੇ ਯਾਰਕ ਰੀਜਨ ਵਿਚ 189 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ।