ਕੋਰੋਨਾ ਪਸਾਰ ਕਾਰਣ ਰੀ-ਓਪਨਿੰਗ ਪਲਾਨ 4 ਹਫਤਿਆਂ ਲਈ ਰੋਕਣ ਨੂੰ ਮਜਬੂਰ ਓਨਟਾਰੀਓ

Wednesday, Sep 09, 2020 - 01:49 AM (IST)

ਟੋਰਾਂਟੋ- ਓਨਟਾਰੀਓ ਆਪਣੇ ਰੀ-ਓਪਨਿੰਗ ਪਲਾਨ ਦੇ ਅਗਲੇਰੇ ਕਦਮਾਂ ਨੂੰ ਰੋਕਣ ਜਾ ਰਿਹਾ ਹੈ ਕਿਉਂਕਿ ਸੂਬੇ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ। ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਨੇ ਮੰਗਲਵਾਰ ਨੂੰ ਇਹ ਐਲਾਨ ਕਰਦਿਆਂ ਕਿਹਾ ਕਿ ਮਾਮਲਿਆਂ ਵਿਚ ਹੋ ਰਹੇ ਵਾਧੇ ਨਾਲ ਕੁਝ ਚਿੰਤਾਵਾਂ ਉਭਰ ਰਹੀਆਂ ਹਨ, ਖਾਸ ਕਰਕੇ ਸਕੂਲਾਂ ਤੇ ਪੋਸਟ-ਸੈਕੰਡਰੀ ਇੰਸਟੀਚਿਊਸ਼ਨਾਂ ਨੂੰ ਮੁੜ ਖੋਲ੍ਹਣ ਨੂੰ ਲੈ ਕੇ।

ਇਲੀਅਟ ਨੇ ਕਿਹਾ ਕਿ ਸਿਹਤ ਵਿਭਾਗ ਦੇ ਮੁੱਖ ਮੈਡੀਕਲ ਅਫਸਰ ਡਾ. ਡੇਵਿਡ ਵਿਲੀਅਮਜ਼ ਤੇ ਪਬਲਿਕ ਹੈਲਥ ਉਪਾਅ ਵਿਭਾਗ ਦੀ ਸਲਾਹ ਦੇ ਅਧਾਰ 'ਤੇ ਓਨਟਾਰੀਓ ਜਨਤਕ ਸਿਹਤ ਦੇ ਉਪਾਵਾਂ ਨੂੰ ਅੱਗੇ ਵਧਾਉਣ ਜਾਂ ਕਾਰੋਬਾਰਾਂ, ਸਹੂਲਤਾਂ ਜਾਂ ਸੰਸਥਾਵਾਂ ਨੂੰ ਮੁੜ ਖੋਲ੍ਹਣ 'ਤੇ ਵਿਚਾਰ ਕਰਨ ਤੋਂ ਪਹਿਲਾਂ ਚਾਰ ਹਫਤਿਆਂ ਦਾ ਸਮਾਂ ਲਵੇਗੀ। ਇਲੀਅਟ ਨੇ ਕਿਹਾ ਕਿ ਅਸੀਂ ਇਹ ਫੈਸਲਾ ਸੋਚ ਸਮਝ ਕੇ ਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸਹੀ ਵਿਚ ਸਾਰੇ ਵਿਦਿਆਰਥੀਆਂ ਨੂੰ ਸਕੂਲ ਵਾਪਸ ਲਿਆਉਣਾ ਚਾਹੁੰਦੇ ਹਾਂ ਤੇ ਉਨ੍ਹਾਂ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹਾਂ ਪਰ ਅਸਲੀਅਤ ਇਹ ਵੀ ਹੈ ਕਿ ਭਾਈਚਾਰੇ ਵਿਚ ਫੈਲਣ ਵਾਲਾ ਵਾਇਰਸ ਸਕੂਲ ਵਿਚ ਵੀ ਫੈਲ ਸਕਦਾ ਹੈ ਇਸ ਲਈ ਸਾਨੂੰ ਸਖਤ ਕਦਮ ਚੁੱਕਣੇ ਪੈਣਗੇ।

ਇਲੀਅਟ ਨੇ ਕਿਹਾ ਕਿ ਪਾਬੰਦੀਆਂ ਰੁਕਣ ਦਾ ਅਰਥ ਹੈ ਕਿ ਓਨਟਾਰੀਓ ਅਜੇ ਵੀ ਸਮਾਜਿਕ ਚੱਕਰ ਵਧਾਉਣ, ਵੱਡੇ ਇਕੱਠ ਤੇ ਖੇਡਾਂ ਆਦਿ ਸਮਾਗਮਾਂ ਵਿਚ ਸ਼ਾਮਲ ਹੋਣ ਦੀ ਆਗਿਆ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਅਸੀਂ ਕਮਿਊਨਿਟੀ ਟ੍ਰਾਂਸਮਿਸ਼ਨ ਨੂੰ ਬਹੁਤ ਘੱਟ ਰੱਖਣਾ ਚਾਹੁੰਦੇ ਹਾਂ ਤਾਂ ਕਿ ਇਹ ਸਾਡੇ ਸਕੂਲਾਂ ਵਿਚ ਦਾਖਲ ਨਾ ਹੋਏ ਤੇ ਸਾਡੇ ਬੱਚੇ ਸੁਰੱਖਿਅਤ ਰਹਿਣ।

ਸੂਬੇ ਵਿਚ ਪਿਛਲੇ ਦੋ ਦਿਨਾਂ ਵਿਚ 375 ਨਵੇਂ ਕੋਵੀਡ-19 ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਵਿਚ ਸੋਮਵਾਰ ਨੂੰ 190 ਨਵੇਂ ਮਾਮਲੇ ਤੇ ਮੰਗਲਵਾਰ ਨੂੰ 185 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਮੰਗਲਵਾਰ ਨੂੰ ਲਗਾਤਾਰ 13ਵੇਂ ਦਿਨ ਵੀ ਓਨਟਾਰੀਓ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਦੀ ਗਿਣਤੀ 100 ਪਾਰ ਰਹੀ। ਆਖਰੀ ਵਾਰ ਇਹ ਗਿਣਤੀ 26 ਅਗਸਤ ਨੂੰ ਦੋ ਅੰਕਾਂ ਵਿਚ ਰਹੀ ਸੀ। ਬੀਤੇ ਦੋ ਦਿਨਾਂ ਵਿਚ ਦਰਜ ਮਾਮਲਿਆਂ ਵਿਚ ਵਧੇਰੇ ਗਿਣਤੀ 20 ਤੋਂ 39 ਸਾਲ ਦੇ ਨੌਜਵਾਨਾਂ ਦੀ ਰਹੀ ਹੈ।


Baljit Singh

Content Editor

Related News