ਓਂਟਾਰੀਓ ''ਚ ਇਕ ਵਾਰ ਫਿਰ ਕੋਰੋਨਾ ਦੇ ਰਿਕਾਰਡ ਤੋੜ ਮਾਮਲੇ ਦਰਜ
Saturday, Nov 07, 2020 - 09:56 PM (IST)
ਟੋਰਾਂਟੋ- ਓਂਟਾਰੀਓ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਸ਼ਨੀਵਾਰ ਨੂੰ ਇਕ ਵਾਰ ਫਿਰ ਸੂਬੇ ਵਿਚ ਕੋਰੋਨਾ ਦੇ ਰਿਕਾਰਡ ਤੋੜ ਮਾਮਲੇ ਦਰਜ ਕੀਤੇ ਗਏ ਹਨ। ਸੂਬਾ ਸਿਹਤ ਅਧਿਕਾਰੀਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 1,132 ਨਵੇਂ ਮਾਮਲੇ ਦਰਜ ਹੋਏ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ 1,050 ਨਵੇਂ ਮਾਮਲੇ ਦਰਜ ਹੋਣ ਦਾ ਰਿਕਾਰਡ ਦਰਜ ਹੋਇਆ ਸੀ। ਉਸ ਤੋਂ ਪਹਿਲਾਂ ਸੂਬੇ ਨੇ ਸ਼ੁੱਕਰਵਾਰ ਨੂੰ 1,003 ,ਵੀਰਵਾਰ ਨੂੰ 998 ਅਤੇ ਬੁੱਧਵਾਰ ਨੂੰ 987 ਨਵੇਂ ਮਾਮਲੇ ਦਰਜ ਕੀਤੇ ਸਨ।
ਓਂਟਾਰੀਓ ਦੇ 7 ਦਿਨਾਂ ਦੇ ਰਿਕਾਰਡ ਮੁਤਾਬਕ ਔਸਤਨ 1,013 ਮਾਮਲੇ ਰੋਜ਼ਾਨਾ ਦਰਜ ਹੋਏ। ਸ਼ਨੀਵਾਰ ਨੂੰ ਦਰਜ ਹੋਏ ਨਵੇਂ ਮਾਮਲਿਆਂ ਦੇ ਬਾਅਦ ਸੂਬੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 82,825 ਹੋ ਚੁੱਕੀ ਹੈ, ਜਿਸ ਵਿਚ ਸਿਹਤਯਾਬ ਹੋਏ ਲੋਕਾਂ ਦੀ ਗਿਣਤੀ ਵੀ ਦਰਜ ਹੈ।
ਅਧਿਕਾਰੀਆਂ ਮੁਤਾਬਕ ਸ਼ਨੀਵਾਰ ਨੂੰ 11 ਹੋਰ ਲੋਕਾਂ ਦੀ ਮੌਤ ਹੋਈ ਹੈ ਤੇ ਸੂਬੇ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 3,220 ਹੋ ਚੁੱਕੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਾ ਨੂੰ ਮਾਤ ਦੇ ਕੇ ਸ਼ਨੀਵਾਰ ਨੂੰ 852 ਲੋਕ ਸਿਹਤਯਾਬ ਹੋਏ ਅਤੇ ਇਸ ਦੇ ਨਾਲ ਹੀ ਸਿਹਤਯਾਬ ਹੋਏ ਲੋਕਾਂ ਦੀ ਗਿਣਤੀ 70,938 ਹੋ ਗਈ ਹੈ।
ਇਸ ਸਮੇਂ ਸੂਬੇ ਵਿਚ ਕੋਰੋਨਾ ਦੇ 8,667 ਕਿਰਿਆਸ਼ੀਲ ਮਾਮਲੇ ਦਰਜ ਹੋਏ ਹਨ। ਸ਼ਨੀਵਾਰ ਨੂੰ ਦਰਜ ਹੋਏ ਮਾਮਲਿਆਂ ਵਿਚੋਂ ਟੋਰਾਂਟੇ ਦੇ 336, ਪੀਲ ਰੀਜਨ ਦੇ 258, ਯਾਰਕ ਰੀਜਨ ਦੇ 114, ਓਟਾਵਾ ਦੇ 78, ਹਾਲਟਨ ਰੀਜਨ ਵਿਚ 64 ਅਤੇ ਹਮਿਲਟਨ ਵਿਚ 55 ਨਵੇਂ ਮਾਮਲੇ ਦਰਜ ਹੋਏ ਹਨ। ਸਿਹਤ ਮੰਤਰੀ ਕ੍ਰਿਸਟਾਈਨ ਇਲੀਓਟ ਮੁਤਾਬਕ ਬੀਤੇ 24 ਘੰਟਿਆਂ ਦੌਰਾਨ 39,200 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਗਏ।