ਓਂਟਾਰੀਓ : 24 ਘੰਟਿਆਂ ਦੌਰਾਨ 800 ਤੋਂ ਵੱਧ ਲੋਕ ਆਏ ਕੋਰੋਨਾ ਦੀ ਲਪੇਟ ''ਚ
Thursday, Oct 29, 2020 - 09:46 AM (IST)
ਟੋਰਾਂਟੋ- ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 834 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ ਇਸ ਦੌਰਾਨ ਹੋਰ 5 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਸਿਹਤ ਮੰਤਰੀ ਕ੍ਰਿਸਟਾਈਨ ਅਲੀਅਟ ਨੇ ਕਿਹਾ ਕਿ ਬੀਤੇ 24 ਘੰਟਿਆਂ ਵਿਚ 24 ਹਜ਼ਾਰ ਤੋਂ ਵੱਧ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਗਏ ਤੇ ਇਸ ਸਮੇਂ ਅਜੇ 30 ਹਜ਼ਾਰ ਲੋਕਾਂ ਦੇ ਟੈਸਟ ਦੀਆਂ ਰਿਪੋਰਟਾਂ ਆਉਣੀਆਂ ਹਨ। ਹਾਲਾਂਕਿ ਸੂਬੇ ਦੀਆਂ ਲੈਬਜ਼ ਦੀ ਕੋਸ਼ਿਸ਼ ਸੀ ਕਿ ਉਹ ਰੋਜ਼ਾਨਾ 50 ਹਜ਼ਾਰ ਟੈਸਟ ਭੁਗਤਾਇਆ ਕਰਨਗੀਆਂ ਪਰ ਅਜੇ ਅਜਿਹਾ ਨਹੀਂ ਹੋ ਸਕਿਆ।
ਸੂਬੇ ਵਿਚ ਕੋਰੋਨਾ ਦੇ ਵੱਧਦੇ ਜਾ ਰਹੇ ਹਨ ਤੇ ਇਸ ਦੇ ਮੱਦੇਨਜ਼ਰ ਮੁੱਖ ਮੰਤਰੀ ਡਗ ਫੋਰਡ ਨੇ 116.5 ਮਿਲੀਅਨ ਡਾਲਰ ਦਾ ਖਰਚ ਕਰਕੇ ਹਸਪਤਾਲਾਂ ਨੂੰ ਨਵੇਂ ਬੈੱਡ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਉਹ ਜਲਦੀ ਤੋਂ ਜਲਦੀ 32 ਹਸਪਤਾਲਾਂ ਅਤੇ ਹੈਲਥ ਕੇਅਰਜ਼ ਵਿਚ 766 ਨਵੇਂ ਬੈੱਡ ਲਗਵਾਉਣਗੇ। ਇਸ ਤੋਂ ਪਹਿਲਾਂ ਵੀ ਸੂਬੇ ਨੇ ਗੰਭੀਰ ਮਰੀਜ਼ਾਂ ਦੇ ਇਲਾਜ ਲਈ 139 ਨਵੇਂ ਬੈੱਡ ਭੇਜੇ ਸਨ ਅਤੇ 1,349 ਹੋਰ ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਸੀ।
ਟੋਰਾਂਟੋ ਪਬਲਿਕ ਹੈਲਥ ਨੇ ਕਿਹਾ ਕਿ ਇਸ ਸਮੇਂ ਸ਼ਹਿਰ ਦੇ ਹਸਪਤਾਲਾਂ ਵਿਚ ਸਿਰਫ 63 ਫੀਸਦੀ ਆਈ. ਸੀ. ਯੂ. ਬੈੱਡ ਭਰੇ ਹੋਏ ਹਨ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਖ਼ਤਰਾ ਵੱਧ ਗਿਆ ਤੇ ਡਰ ਹੈ ਕਿ ਸ਼ਾਇਦ ਗੰਭੀਰ ਮਰੀਜ਼ਾਂ ਦੀ ਗਿਣਤੀ ਵੀ ਵੱਧ ਸਕਦੀ ਹੈ। ਸਰਦੀਆਂ ਵਧਣ ਦੇ ਨਾਲ-ਨਾਲ ਕੋਰੋਨਾ ਵਾਇਰਸ ਦੇ ਹੋਰ ਫੈਲਣ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ। ਇਸ ਲਈ ਸੂਬਾ ਪਹਿਲਾਂ ਹੀ ਇਸ ਲਈ ਤਿਆਰੀਆਂ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ 827 , ਸੋਮਵਾਰ ਨੂੰ 851 ਅਤੇ ਐਤਵਾਰ ਨੂੰ 1,042 ਕੋਰੋਨਾ ਦੇ ਨਵੇਂ ਮਾਮਲੇ ਦਰਜ ਹੋਏ ਸਨ। ਦੱਸ ਦਈਏ ਕਿ ਹੁਣ ਤੱਕ 72,800 ਓਂਟਾਰੀਓਵਾਸੀ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ ਜਦਕਿ 3,108 ਲੋਕਾਂ ਦੀ ਮੌਤ ਹੋ ਚੁੱਕੀ ਹੈ।