ਓਂਟਾਰੀਓ ''ਚ ਕੋਰੋਨਾ ਦੇ 1,388 ਮਾਮਲੇ, ਫੋਰਡ ਨੇ ਹਾਈ ਅਲਰਟ ਰਹਿਣ ਲਈ ਕਿਹਾ
Wednesday, Nov 11, 2020 - 04:52 PM (IST)
ਟੋਰਾਂਟੋ- ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਪਿਛਲੇ 24 ਘੰਟਿਆਂ ਦੌਰਾਨ 1,388 ਨਵੇਂ ਮਾਮਲੇ ਦਰਜ ਹੋਏ ਹਨ ਜਦਕਿ ਇਸ ਦੌਰਾਨ 15 ਲੋਕਾਂ ਦੀ ਮੌਤ ਹੋਈ ਹੈ। ਮ੍ਰਿਤਕਾਂ ਵਿਚੋਂ 11 ਲਾਂਗ ਟਰਮ ਕੇਅਰ ਹੋਮ ਦੇ ਸਨ। ਇਹ ਮਾਮਲੇ ਐਤਵਾਰ ਨਾਲੋਂ ਵੱਧ ਹਨ ਕਿਉਂਕਿ ਉਸ ਦਿਨ 1,328 ਮਾਮਲੇ ਦਰਜ ਹੋਏ ਸਨ।
ਸੂਬੇ ਦੇ ਮੁੱਖ ਮੰਤਰੀ ਡੱਗ ਫੋਰਡ ਨੇ ਲੋਕਾਂ ਨੂੰ ਕਿਹਾ ਹੈ ਕਿ ਕੋਰੋਨਾ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਅਜਿਹੇ ਵਿਚ ਹੁਣ ਆਪਣੀ ਸੁਰੱਖਿਆ ਨੂੰ ਲੈ ਕੇ ਲੋਕਾਂ ਨੂੰ ਹੋਰ ਵੀ ਜ਼ਿਆਦਾ ਚੌਕਸ ਹੋਣ ਦੀ ਜ਼ਰੂਰਤ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕੋਰੋਨਾ ਦੇ 1,050 ਮਾਮਲੇ ਦਰਜ ਹੋਏ ਸਨ। 7 ਦਿਨਾਂ ਦੇ ਔਸਤਨ ਮਾਮਲੇ 1,154 ਰਹੇ ਹਨ ਜੋ ਪਿਛਲੇ ਹਫਤੇ ਨਾਲੋਂ 21 ਫ਼ੀਸਦੀ ਵੱਧ ਹਨ। ਅਧਿਕਾਰੀਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ 29,125 ਲੋਕਾਂ ਦੇ ਕੋਰਨਾ ਟੈਸਟ ਕੀਤੇ ਗਏ ਹਨ, ਜਦਕਿ ਉਨ੍ਹਾਂ ਦਾ ਟੀਚਾ 50 ਹਜ਼ਾਰ ਲੋਕਾਂ ਦੀ ਜਾਂਚ ਕਰਨ ਦਾ ਸੀ।
ਸੂਬੇ ਵਿਚ ਬੀਤੇ 24 ਘੰਟਿਆਂ ਦੌਰਾਨ 5.7 ਫ਼ੀਸਦੀ ਲੋਕਾਂ ਦਾ ਟੈਸਟ ਕੋਰੋਨਾ ਪਾਜ਼ੀਟਿਵ ਨਿਕਲਿਆ ਹੈ। 24 ਮਈ ਤੋਂ ਬਾਅਦ ਸਾਕਾਰਤਮਕ ਮਾਮਲਿਆਂ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ। ਦੱਸਿਆ ਜਾ ਰਿਹਾ ਹੈ ਕਿ 80 ਫ਼ੀਸਦੀ ਮਾਮਲੇ ਗ੍ਰੇਟਰ ਟੋਰਾਂਟੋ ਏਰੀਏ ਨਾਲ ਸਬੰਧਤ ਹਨ। ਦੱਸ ਦਈਏ ਕਿ 14 ਨਵੰਬਰ ਤੋਂ 12 ਦਸੰਬਰ ਤੱਕ ਟੋਰਾਂਟੋ ਸ਼ਹਿਰ ਨੂੰ ਰੈੱਡ ਜ਼ੋਨ ਵਿਚ ਰੱਖਿਆ ਜਾਵੇਗਾ।