ਵਾਸ਼ਿੰਗਟਨ ਦੇ ਇਕ ਮਾਲ ''ਚ ਗੋਲੀਬਾਰੀ, 1 ਵਿਅਕਤੀ ਜ਼ਖ਼ਮੀ
Saturday, Nov 27, 2021 - 04:07 PM (IST)
ਟੈਕੋਮਾ/ਅਮਰੀਕਾ (ਭਾਸ਼ਾ)- ਵਾਸ਼ਿੰਗਟਨ ਸੂਬੇ ਦੇ ਟੈਕੋਮਾ ਸਥਿਤ ਇਕ ਮਾਲ ਵਿਚ ਸ਼ੁੱਕਰਵਾਰ ਨੂੰ ਹੋਈ ਗੋਲੀਬਾਰੀ ਵਿਚ ਘੱਟੋ-ਘੱਟ 1 ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਅਤੇ ਘਬਰਾਏ ਸੈਂਕੜੇ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਸਟੋਰਾਂ ਦੇ ਅੰਦਰ ਲੁਕ ਗਏ। 'ਥੈਂਕਸਗਿਵਿੰਗ' ਤੋਂ ਅਗਲੇ ਦਿਨ 'ਬਲੈਕ ਫਰਾਈਡੇ' 'ਤੇ ਖ਼ਰੀਦਦਾਰੀ ਕਰਨ ਲਈ ਵੱਡੀ ਗਿਣਤੀ 'ਚ ਲੋਕ 'ਟੈਕੋਮਾ ਮਾਲ' 'ਚ ਪਹੁੰਚੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਸੀਏਟਲ ਦੇ ਦੱਖਣ ਵਿਚ ਸਥਿਤ ਟੈਕੋਮਾ ਵਿਚ ਇਕ ਮਾਲ ਦੇ ਫੂਡ ਕੋਰਟ (ਮਾਲ ਵਿਚ ਇਕ ਅਜਿਹੀ ਜਗ੍ਹਾ ਜਿੱਥੇ ਰੈਸਟੋਰੈਂਟ ਆਦਿ ਹੁੰਦੇ ਹਨ) ਦੇ ਨੇੜੇ ਸ਼ਾਮ 7 ਵਜੇ ਤੋਂ ਬਾਅਦ ਗੋਲੀਬਾਰੀ ਹੋਈ।
ਟੈਕੋਮਾ ਪੁਲਸ ਨੇ ਦੱਸਿਆ ਕਿ ਗੋਲੀਬਾਰੀ 'ਚ ਗੰਭੀਰ ਜ਼ਖਮੀ ਹੋਏ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਹੈ। ਗੋਲੀਬਾਰੀ ਤੋਂ ਤੁਰੰਤ ਬਾਅਦ ਮਾਲ ਬੰਦ ਕਰ ਦਿੱਤਾ ਗਿਆ ਅਤੇ ਖਰੀਦਦਾਰੀ ਕਰਨ ਆਏ ਲੋਕ ਦੁਕਾਨਾਂ ਦੇ ਅੰਦਰ ਲੁਕ ਗਏ। ਗੋਲੀਬਾਰੀ ਤੋਂ ਬਾਅਦ ਟੈਕੋਮਾ, ਪੀਅਰਸ ਕਾਉਂਟੀ, ਲੇਕਵੁੱਡ, ਪੁਯਾਲੁਪ ਅਤੇ ਵਾਸ਼ਿੰਗਟਨ ਸਟੇਟ ਪੈਟਰੋਲ ਦੇ 60 ਤੋਂ ਵੱਧ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਪੀਅਰਸ ਕਾਉਂਟੀ ਸ਼ੈਰਿਫ ਸਾਰਜੈਂਟ ਡੈਰੇਨ ਮੌਸ ਨੇ ਕਿਹਾ ਕਿ ਪੁਲਸ ਨੇ ਮਾਲ ਵਿਚ ਇਕ "ਤਾਲਮੇਲ ਖੋਜ ਮੁਹਿੰਮ" ਚਲਾਈ। ਟੈਕੋਮਾ ਮਾਲ ਸ਼ਹਿਰ ਦਾ ਸਭ ਤੋਂ ਵੱਡਾ ਮਾਲ ਹੈ, ਜਿਸ ਵਿਚ 100 ਤੋਂ ਵੱਧ ਦੁਕਾਨਾਂ ਹਨ।