ਲਾਸ ਵੇਗਾਸ ’ਚ ਚੱਲੀਆਂ ਗੋਲੀਆਂ, ਇਕ ਦੀ ਮੌਤ
Saturday, Nov 06, 2021 - 04:57 PM (IST)
ਲਾਸ ਵੇਗਾਸ (ਭਾਸ਼ਾ)-ਫੌਜੀਆਂ ਵਰਗੀ ਵਰਦੀ ’ਚ 22 ਸਾਲਾ ਵਿਅਕਤੀ ਨੇ ਲਾਸ ਵੇਗਾਸ ’ਚ ਇਕ ਦੁਕਾਨ ਦੇ ਬਾਹਰ ਤੇ ਅੰਦਰ ਘੱਟ ਤੋਂ ਘੱਟ ਤੋਂ 20 ਗੋਲੀਆਂ ਚਲਾਈਆਂ, ਜਿਸ ’ਚ ਦੁਕਾਨ ਦੇ ਬਾਹਰ ਖੜ੍ਹੀ ਕਾਰ ’ਚ ਬੈਠੇ ਇਕ ਵਿਅਕਤੀ ਦੀ ਮੌਤ ਹੋ ਗਈ, ਹਾਲਾਂਕਿ ਘਟਨਾ ’ਚ ਦੁਕਾਨ ਦੇ ਕੰਪਲੈਕਸ ’ਚ ਮੌਜੂਦ ਗਾਹਕ ਸੁਰੱਖਿਅਤ ਸਥਾਨ ’ਤੇ ਲੁਕ ਗਏ, ਜਿਸ ਨਾਲ ਕਾਫ਼ੀ ਬਚਾਅ ਹੋ ਗਿਆ। ਇਕ ਸਰਕਾਰੀ ਵਕੀਲ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ। ਸ਼ੱਕੀ ਜੀਸਸ ਜ਼ੇਵੀਅਰ ਉਰੀਬੇ ਨੂੰ ਦੱਖਣੀ ਪੱਛਮੀ ਲਾਸ ਵੇਗਾਸ ਦੇ ਇਕ ਘਰ ਤੋਂ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਨੇ ਗ੍ਰਿਫ਼ਤਾਰੀ ਤੋਂ ਬਾਅਦ ਕਤਲ ਤੇ ਕਤਲ ਦੇ ਯਤਨ ਸਮੇਤ ਕਈ ਦੋਸ਼ਾਂ ’ਚ ਅਦਾਲਤ ’ਚ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : ਅਮਰੀਕਾ ’ਚ ਮਿਊਜ਼ਿਕ ਫੈਸਟੀਵਲ ਦੌਰਾਨ ਵਾਪਰਿਆ ਵੱਡਾ ਹਾਦਸਾ, 8 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ
ਉਰੀਬੇ ਦੇ ਅਦਾਲਤ ’ਚ ਪੇਸ਼ ਨਾ ਹੋਣ ’ਤੇ ਜੱਜ ਨੇ ਉਸ ਨੂੰ ਮੰਗਲਵਾਰ ਲੁੱਟ-ਖੋਹ, ਚੋਰੀ ਤੇ ਹਥਿਆਰਾਂ ਦੀ ਗੈਰ-ਕਾਨੂੰਨੀ ਵਰਤੋਂ ਸਮੇਤ ਹੋਰ ਦੋਸ਼ਾਂ ’ਚ ਲਾਸ ਵੇਗਾਸ ਜਸਟਿਸ ਕੋਰਟ ’ਚ ਸੁਣਵਾਈ ਹੋਣ ਤਕ ਬਿਨਾਂ ਜ਼ਮਾਨਤ ਦੇ ਜੇਲ੍ਹ ’ਚ ਰੱਖਣ ਦਾ ਹੁਕਮ ਦਿੱਤਾ। ਸਰਕਾਰੀ ਵਕੀਲ ਰਿਚਰਡ ਸਕੋਅ ਨੇ ਬਾਅਦ ’ਚ ਦੱਸਿਆ ਕਿ ਪੁਲਸ ਨੂੰ ਦੁਕਾਨ ਦੇ ਬਾਹਰ 13 ਗੋਲੀਆਂ ਮਿਲੀਆਂ। ਕਰਟਿਸ ਲਿਓਨ ਅਬ੍ਰਾਹਮ (36) ਦੁਕਾਨ ਦੇ ਬਾਹਰ ਆਪਣੀ ਪ੍ਰੇਮਿਕਾ ਦੀ ਉਡੀਕ ਕਰ ਰਿਹਾ ਸੀ, ਜਿਸ ਨੂੰ ਕਈ ਵਾਰ ਗੋਲੀ ਮਾਰੀ ਗਈ ਸੀ। ਪੁਲਸ ਨੇ ਦੱਸਿਆ ਕਿ ਹਸਪਤਾਲ ’ਚ ਅਬ੍ਰਾਹਮ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਉਰੀਬੇ ਨੇ ਦੁਕਾਨ ਦੇ ਬਾਹਰ ਇਕ ਖਾਲੀ ਵਾਹਨ ’ਚ ਗੋਲੀ ਮਾਰੀ ਸੀ। ਇਸ ਤੋਂ ਪਹਿਲਾਂ ਵੀਡੀਓ ਫੁਟੇਜ ’ਚ ਉਸ ਨੂੰ ਹੈਂਡਗੰਨ ਤੇ ਗੰਨ ਬੈਲਟ ਪਹਿਨੀ ਦੇਖਿਆ ਸੀ। ਸਕੋਅ ਨੇ ਦੱਸਿਆ ਕਿ ਅਬ੍ਰਾਹਮ ਦੀ ਪ੍ਰੇਮਿਕਾ ਇਕ ਸਟੋਰ ਕਲਰਕ ਦੇ ਨਾਲ ਰੈਫਰੀਜਰੇਟਰ ਕੂਲਰ ’ਚ ਲੁਕ ਗਈ, ਜਦਕਿ ਹੋਰ ਲੋਕ ਪਿਛਲੇ ਦਰਵਾਜ਼ੇ ਰਾਹੀਂ ਭੱਜ ਗਏ।