ਹਰ 5 ’ਚੋਂ ਇਕ ਯੂਰਪੀ ਵਿਅਕਤੀ ਧੁਨੀ ਪ੍ਰਦੂਸ਼ਣ ਤੋਂ ਪ੍ਰਭਾਵਿਤ
Friday, Mar 06, 2020 - 01:51 AM (IST)
ਕੋਪੇਨਹੇਗਨ (ਏ. ਐੱਫ. ਪੀ.)–ਹਰ 5 ’ਚੋਂ ਇਕ ਯੂਰਪੀ ਨਾਗਰਿਕ ਧੁਨੀ ਪ੍ਰਦੂਸ਼ਣ ਤੋਂ ਪ੍ਰਭਾਵਿਤ ਹੈ, ਜੋ ਕਿ ਉਸ ਦੀ ਸਿਹਤ ਲਈ ਕਾਫੀ ਨੁਕਸਾਨਦੇਹ ਹੈ। ਯੂਰਪੀ ਐਨਵਾਇਰਮੈਂਟ ਏਜੰਸੀ (ਈ.ਈ.ਏ.) ਨੇ ਵੀਰਵਾਰ ਨੂੰ ਇਕ ਰਿਪੋਰਟ ’ਚ ਇਹ ਦਾਅਵਾ ਕੀਤਾ। ਇਸ ਰਿਪੋਰਟ ਤੋਂ ਬਾਅਦ ਯੂਰਪੀ ਸੰਘ ਦੇ ਧੁਨੀ ਪ੍ਰਦੂਸ਼ਣ ਨੂੰ ਕਾਬੂ ਕਰਨ ਦੇ ਆਪਣੇ ਦਾਅਵੇ ਦੀ ਅਸਫਲਤਾ ਸਾਹਮਣੇ ਆਈ ਹੈ। ਏਜੰਸੀ ਨੇ ਆਪਣੇ ਬਿਆਨ ’ਚ ਕਿਹਾ ਕਿ ਸਾਲ 2020 ਲਈ ਧੁਨੀ ਪ੍ਰਦੂਸ਼ਣ ਘੱਟ ਕਰਨ ਲਈ ਤੈਅ ਕੀਤੇ ਗਏ ਟੀਚੇ ਅਤੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਵਲੋਂ ਨਿਰਧਾਰਤ ਪੱਧਰ ਨੂੰ ਬਰਕਰਾਰ ਰੱਖਣਾ ਮੁਸ਼ਕਲ ਹੋਵੇਗਾ।
ਇਸ ’ਚ ਕਿਹਾ ਗਿਆ ਕਿ ਭਵਿੱਖ ਦੇ ਵਧਦੇ ਸ਼ਹਿਰੀਕਰਨ ਅਤੇ ਆਵਾਗਮਨ ਲਈ ਵਾਹਨਾਂ ਦੀ ਵਧਦੀ ਮੰਗ ਕਾਰਣ ਧੁਨੀ ਪ੍ਰਦੂਸ਼ਣ ’ਚ ਵਾਧਾ ਹੋ ਸਕਦਾ ਹੈ। ਖਾਸ ਕਰ ਕੇ ਰਾਤ ਸਮੇਂ ਧੁਨੀ ਪ੍ਰਦੂਸ਼ਣ ਨਾਲ ਆਮ ਲੋਕਾਂ ਦੀ ਸਿਹਤ ’ਤੇ ਬੇਹੱਦ ਹਾਨੀਕਾਰਕ ਪ੍ਰਭਾਵ ਪੈਂਦਾ ਹੈ ਕਿਉਂਕਿ ਇਸ ਨਾਲ ਨੀਂਦ ’ਚ ਰੁਕਾਵਟ ਆਉਂਦੀ ਹੈ। ਈ. ਈ. ਏ. ਮੁਤਾਬਕ ਪੂਰੇ ਯੂਰਪ ’ਚ ਲਗਭਗ 11.3 ਕਰੋੜ ਲੋਕ ਟ੍ਰੈਫਿਕ ਨਾਲ ਹੋਣ ਵਾਲੇ ਧੁਨੀ ਪ੍ਰਦੂਸ਼ਣ ਤੋਂ ਪ੍ਰਭਾਵਿਤ ਹਨ।