ਹੁਣ ਆਸਟ੍ਰੇਲੀਆ ''ਚ ਹੋਇਆ ਜਹਾਜ਼ ਕ੍ਰੈਸ਼, 24 ਘੰਟਿਆਂ ਵਿਚ ਵਾਪਰਿਆ ਚੌਥਾ ਜਹਾਜ਼ ਹਾਦਸਾ
Sunday, Dec 29, 2024 - 05:39 PM (IST)
ਸਿਡਨੀ (ਯੂ.ਐੱਨ.ਆਈ.) : ਸਿਡਨੀ ਦੇ ਉੱਤਰ ਵਿਚ ਐਤਵਾਰ ਨੂੰ ਇਕ ਹਲਕੇ ਜਹਾਜ਼ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਨਿਊ ਸਾਊਥ ਵੇਲਜ਼ (NSW) ਰਾਜ ਵਿੱਚ ਸਿਡਨੀ ਤੋਂ 500 ਕਿਲੋਮੀਟਰ ਉੱਤਰ ਵਿੱਚ, ਪਾਮਰਸ ਟਾਪੂ ਉੱਤੇ ਇੱਕ ਏਅਰਫੀਲਡ ਵਿੱਚ ਇੱਕ ਛੋਟੇ ਜਹਾਜ਼ ਦੇ ਕਰੈਸ਼ ਹੋਣ ਦੀਆਂ ਰਿਪੋਰਟਾਂ ਲਈ ਪੁਲਸ, ਐਂਬੂਲੈਂਸ ਚਾਲਕਾਂ ਤੇ ਇੱਕ ਬਚਾਅ ਹੈਲੀਕਾਪਟਰ ਸਮੇਤ ਐਮਰਜੈਂਸੀ ਸੇਵਾਵਾਂ ਨੂੰ ਲਗਭਗ 11:20 ਵਜੇ ਤਾਇਨਾਤ ਕੀਤਾ ਗਿਆ ਸੀ।
NSW ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਾਇਲਟ ਦੀ ਮੌਕੇ 'ਤੇ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਉਸਦੀ ਅਜੇ ਰਸਮੀ ਤੌਰ 'ਤੇ ਪਛਾਣ ਨਹੀਂ ਹੋ ਸਕੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਉਸਦੀ ਉਮਰ 60 ਸਾਲ ਹੈ। ਇਸ ਵਿਚ ਸਵਾਰ ਵਿਅਕਤੀ, ਜਿਸ ਦੀ ਉਮਰ 30 ਸਾਲ ਲੱਗ ਰਹੀ ਹੈ, ਨੂੰ ਨੇੜਲੇ ਹਸਪਤਾਲ ਲਿਜਾਣ ਤੋਂ ਪਹਿਲਾਂ ਗੰਭੀਰ ਸੱਟਾਂ ਲਈ ਘਟਨਾ ਸਥਾਨ 'ਤੇ ਇਲਾਜ ਕੀਤਾ ਗਿਆ ਸੀ। ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਦੱਸਿਆ ਕਿ ਜਹਾਜ਼ ਏਅਰਫੀਲਡ ਦੇ ਰਨਵੇਅ ਨੇੜੇ ਹੀ ਕ੍ਰੈਸ਼ ਹੋ ਗਿਆ। ਪੁਲਸ ਨੇ ਘਟਨਾ ਦੇ ਹਾਲਾਤਾਂ ਦੀ ਜਾਂਚ ਕਰਨ ਲਈ ਜਾਂਚ ਘੇਰਾ ਬਣਾਇਆ ਤੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਦੱਖਣੀ ਕੋਰੀਆ, ਕੈਨੇਡਾ ਤੇ ਨਾਰਵੇਅ ਵਿਚ ਜਹਾਜ਼ ਹਾਦਸੇ ਵਾਪਰੇ ਹਨ। ਦੱਖਣੀ ਕੋਰੀਆ ਵਿਚ ਵਾਪਰੇ ਹਾਦਸੇ ਵਿਚ ਜਹਾਜ਼ ਵਿਚ ਸਵਾਰ ਸਾਰੇ 181 ਲੋਕ ਮਾਰੇ ਗਏ ਦੱਸੇ ਜਾ ਰਹੇ ਹਨ। ਇਸ ਦੇ ਨਾਲ ਹੀ ਕੈਨੇਡਾ ਵਿਚ ਲੈਂਡਿੰਗ ਦੌਰਾਨ ਜਹਾਜ਼ ਵਿਚ ਅੱਗ ਲੱਗ ਗਈ। ਹਾਲਾਂਕਿ ਇਸ ਦੌਰਾਨ ਸਾਰੇ ਯਾਤਰੀਆਂ ਨੂੰ ਸਮੇਂ ਉੱਤੇ ਜਹਾਜ਼ ਵਿਚੋਂ ਕੱਢ ਲਿਆ ਗਿਆ। ਇਸ ਤੋਂ ਇਲਾਵਾ ਨਾਰਵੇਅ ਵਿਚ ਵੀ ਜਹਾਜ਼ ਰਨਵੇਅ ਤੋਂ ਫਿਲਸ ਕੇ ਖਾਲੀ ਥਾਂ ਉੱਤੇ ਚਲਾ ਗਿਆ। ਹਾਲਾਂਕਿ ਇਸ ਦੌਰਾਨ ਵੱਡਾ ਹਾਦਸਾ ਹੋਣੋਂ ਬਚਅ ਹੋ ਗਿਆ।