ਵਿਕਟੋਰੀਆ ਪਾਰਲੀਮੈਂਟ ''ਚ ''ਸਫ਼ਰ-ਏ-ਸ਼ਹਾਦਤ'' ਸਮਾਗਮ ਦਾ ਕੀਤਾ ਗਿਆ ਸਫਲ ਆਯੋਜਨ

Friday, Dec 12, 2025 - 05:05 PM (IST)

ਵਿਕਟੋਰੀਆ ਪਾਰਲੀਮੈਂਟ ''ਚ ''ਸਫ਼ਰ-ਏ-ਸ਼ਹਾਦਤ'' ਸਮਾਗਮ ਦਾ ਕੀਤਾ ਗਿਆ ਸਫਲ ਆਯੋਜਨ

​ਮੈਲਬੌਰਨ (ਮਨਦੀਪ ਸਿੰਘ ਸੈਣੀ) - ਆਸਟ੍ਰੇਲੀਆ ਦੀ ਵਿਕਟੋਰੀਆ ਪਾਰਲੀਮੈਂਟ ਵਿਖੇ ਬੀਤੇ ਦਿਨੀਂ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਕਰਮਇਸ਼ਰਸਰ ਸੇਵਾ ਐਂਡ ਸਿਮਰਨ ਸੋਸਾਇਟੀ (ਰਾੜਾ ਸਾਹਿਬ) ਅਤੇ ਪੰਜਾਬ ਕੋਂਸਲ ਆਫ਼ ਆਸਟ੍ਰੇਲੀਆ ਵੱਲੋਂ “ਸਫ਼ਰ-ਏ-ਸ਼ਹਾਦਤ” ਸਮਾਗਮ ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਮਕਸਦ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨਾ ਸੀ। ਇਸ ਵਿੱਚ ਜਿੱਥੇ ਬੱਚਿਆਂ ਵੱਲੋਂ ਕਵਿਤਾਵਾਂ, ਵਾਰਾਂ ਅਤੇ ਵਿਚਾਰਾਂ ਰਾਹੀਂ ਸ਼ਰਧਾਂਜਲੀ ਦਿੱਤੀ ਗਈ, ਉੱਥੇ ਹੀ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।

PunjabKesari

​ਪਾਰਲੀਮੈਂਟ ਹਾਲ ਵਿੱਚ ਹੋਏ ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਸੰਸਦ ਮੈਂਬਰ ਈਵੈਨ ਵਾਲਟਰ, ਲੂਬਾ ਗਰੀਗਰੋਵਿਚ, ਤੇ ਸਟੀਵ ਮੈਗਈ ਸਮੇਤ ਸਮਾਜਿਕ ਅਤੇ ਧਾਰਮਿਕ ਭਾਈਚਾਰੇ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਐਰਾਰਟ ਤੋਂ ਪਹਿਲੀ ਪੰਜਾਬਣ ਡਿਪਟੀ ਮੇਅਰ ਤਲਵਿੰਦਰ ਕੌਰ ਟੈਲੀ, ਬੈਂਡਿਗੋ ਤੋਂ ਪਹਿਲੀ ਪੰਜਾਬਣ ਕੋਂਸਲਰ ਸ਼ਿਵਾਲੀ ਚੈਟਲੇ, ਅਤੇ ਟਰਬਨ 4 ਆਸਟ੍ਰੇਲੀਆ ਤੋਂ ਅਮਰ ਸਿੰਘ ਵੀ ਹਾਜ਼ਰ ਰਹੇ। ਸਾਰੇ ਮਹਿਮਾਨਾਂ ਨੇ ਆਪਣੇ ਸੰਬੋਧਨ ਵਿੱਚ ਗੁਰੂ ਸਾਹਿਬ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਸਿਜਦਾ ਕੀਤਾ ਅਤੇ ਕਿਹਾ ਕਿ ਸਿੱਖ ਇਤਿਹਾਸ ਬਹਾਦਰੀ, ਸੱਚ ਦੇ ਸਿਧਾਂਤ ਅਤੇ ਮਨੁੱਖਤਾ ਦੀ ਰੱਖਿਆ ਦਾ ਇਤਿਹਾਸ ਹੈ। ਉਨ੍ਹਾਂ ਮਹਿਸੂਸ ਕੀਤਾ ਕਿ ਸਿੱਖ ਭਾਈਚਾਰਾ ਆਸਟ੍ਰੇਲੀਆ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਮਨੁੱਖਤਾ ਲਈ ਇੱਕ ਸਦੀਵੀਂ ਪ੍ਰੇਰਣਾ ਸਰੋਤ ਹੈ।

​ਸਮਾਗਮ ਦੌਰਾਨ, ਪੰਜਾਬੀ ਫੋਕ ਥਿਏਟਰ ਐਂਡ ਫੋਕ ਅਕੈਡਮੀ ਅਤੇ ਖਾਲਸਾ ਸਕੂਲ ਜੀਲੋਂਗ ਦੇ ਬੱਚਿਆਂ (ਜਿਨ੍ਹਾਂ ਵਿੱਚ ਅਭੈ ਸਿੰਘ, ਜਸਰਾਜ ਸਿੰਘ, ਹਰਸਿਮਰਤ ਸਿੰਘ ਆਦਿ ਸ਼ਾਮਲ ਸਨ) ਨੇ ਕਵਿਤਾਵਾਂ ਅਤੇ ਵਾਰਾਂ ਰਾਹੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਬਹੁਤ ਭਾਵੁਕਤਾ ਨਾਲ ਪੇਸ਼ ਕੀਤਾ। ਇਨ੍ਹਾਂ ਪੇਸ਼ਕਾਰੀਆਂ ਨੇ ਇਹ ਸਾਬਤ ਕੀਤਾ ਕਿ ਨਵੀਂ ਪੀੜ੍ਹੀ, ਵਿਦੇਸ਼ ਵਿੱਚ ਜਨਮੀ ਹੋਣ ਦੇ ਬਾਵਜੂਦ, ਆਪਣੀ ਵਿਰਾਸਤ ਨਾਲ ਡੂੰਘਾਈ ਨਾਲ ਜੁੜੀ ਹੋਈ ਹੈ। ਇਸ ਮੌਕੇ ਪ੍ਰਸਿੱਧ ਚਿੱਤਰਕਾਰ ਸਿਮਰਨਜੀਤ ਸਿੰਘ ਵੱਲੋਂ ਸਿੱਖ ਇਤਿਹਾਸ ਨਾਲ ਸਬੰਧਤ ਪ੍ਰਦਰਸ਼ਨੀ ਵੀ ਲਗਾਈ ਗਈ।

​ਇਸੇ ਸਮਾਗਮ ਵਿੱਚ, ਖੇਡਾਂ ਦੇ ਖੇਤਰ ਵਿੱਚ ਸੂਬਾਈ, ਦੇਸ਼ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ  ਸੁਖਨੂਰ ਕੌਰ ਰੰਗੀ, ਖੁਸ਼ਨੂਰ ਕੌਰ ਰੰਗੀ, ਰਵਨੀਤ ਕੌਰ ਸਮੇਤ ਹੋਰਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਨਾਲ ਹੀ, ਭਾਰਤ ਦੀ ਪਹਿਲੀ ਹਾਕੀ ਓਲੰਪੀਅਨ ਹਰਪ੍ਰੀਤ ਸ਼ੇਰਗਿੱਲ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਦਾ ਸੰਚਾਲਨ ਮਨਿੰਦਰ ਬਰਾੜ ਵੱਲੋਂ ਕੀਤਾ ਗਿਆ, ਜਿਸ ਨੇ ਦਰਸ਼ਕਾਂ ਨੂੰ ਅੰਤ ਤੱਕ ਬੰਨ੍ਹ ਕੇ ਰੱਖਿਆ। ਅੰਤ ਵਿੱਚ, ਬਰਕਤ ਟੀਵੀ ਦੀ ਸੰਚਾਲਕ ਡਾ. ਰਸਨਾ ਕੌਰ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਇਤਿਹਾਸਕ ਤੱਥਾਂ ਅਤੇ ਸੰਦੇਸ਼ਾਂ ਬਾਰੇ ਡੂੰਘੀ ਜਾਣਕਾਰੀ ਸਾਂਝੀ ਕੀਤੀ। ਸਮਾਗਮ ਦੇ ਅੰਤ ਵਿੱਚ ਮੁੱਖ ਪ੍ਰਬੰਧਕ ਸਿਮਰਜੀਤ ਸਿੰਘ, ਖੁਸ਼ਪ੍ਰੀਤ ਸਿੰਘ ਸੁਨਾਮ ਅਤੇ ਹਰਮਨਦੀਪ ਸਿੰਘ ਬੋਪਰਾਏ ਵੱਲੋਂ ਇਸ ਮੌਕੇ ਹਾਜ਼ਰ ਮੁੱਖ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ।
 


author

cherry

Content Editor

Related News