ਚਮਤਕਾਰ! 3 ਘੰਟੇ ਤੱਕ ਰੁਕੀ ਰਹੀ ਡੇਢ ਸਾਲ ਦੇ ਮਾਸੂਮ ਦੀ ਧੜਕਨ, ਡਾਕਟਰਾਂ ਨੇ ਇੰਝ ਬਚਾਈ ਜਾਨ

02/23/2023 10:49:49 AM

ਓਂਟਾਰੀਓ (ਬਿਊਰੋ): ਕੈਨੇਡਾ ਵਿਖੇ ਓਂਟਾਰੀਓ ਵਿੱਚ ਡਾਕਟਰਾਂ ਵੱਲੋਂ ਬੱਚੇ ਦੀ ਜਾਨ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਇਹ ਮਾਮਲਾ ਆਪਣੇ ਆਪ ਵਿੱਚ ਅਸਾਧਾਰਨ ਹੈ। ਦਰਅਸਲ ਇਹ ਘਟਨਾ 24 ਜਨਵਰੀ ਦੀ ਹੈ, ਜਦੋਂ ਪੈਟਰੋਲੀਆ 'ਚ ਡੇ-ਕੇਅਰ ਦੇ ਬਾਹਰ ਪਾਣੀ ਨਾਲ ਭਰੇ ਤਲਾਬ 'ਚ 20 ਮਹੀਨੇ ਦਾ ਬੱਚਾ ਡਿੱਗ ਗਿਆ ਸੀ। ਰਿਪੋਰਟਾਂ ਮੁਤਾਬਕ ਵੇਲੋਨ ਨਾਂ ਦਾ ਇਹ ਬੱਚਾ ਕੜਾਕੇ ਦੀ ਠੰਡ 'ਚ ਪਾਣੀ 'ਚ ਡਿੱਗ ਪਿਆ ਅਤੇ ਪੰਜ ਮਿੰਟ ਤੱਕ ਬੇਹੋਸ਼ ਰਿਹਾ। ਜਦੋਂ ਤੱਕ ਮੈਡੀਕਲ ਟੀਮ ਬੱਚੇ ਨੂੰ ਬਚਾਉਣ ਲਈ ਪਹੁੰਚੀ, ਉਦੋਂ ਤੱਕ ਉਸ ਦੇ ਦਿਲ ਦੀ ਧੜਕਣ ਬੰਦ ਹੋ ਚੁੱਕੀ ਸੀ। ਇਸ ਦੇ ਬਾਵਜੂਦ ਡਾਕਟਰਾਂ ਨੇ ਹਿੰਮਤ ਨਹੀਂ ਹਾਰੀ ਅਤੇ ਲਗਾਤਾਰ ਕੋਸ਼ਿਸ਼ਾਂ ਨਾਲ ਬੱਚੇ ਦੀ ਜਾਨ ਬਚਾਈ।

ਡਾਕਟਰਾਂ ਨੇ ਹਿੰਮਤ ਨਹੀਂ ਹਾਰੀ

ਮੀਡੀਆ ਰਿਪੋਰਟਾਂ ਮੁਤਾਬਕ ਪੈਟਰੋਲੀਆ ਸ਼ਹਿਰ ਜਿੱਥੇ ਇਹ ਘਟਨਾ ਵਾਪਰੀ, ਉਹ ਮੈਡੀਕਲ ਸਹੂਲਤਾਂ ਅਤੇ ਸਾਧਨਾਂ ਦੇ ਮਾਮਲੇ ਵਿੱਚ ਬਹੁਤ ਪਛੜਿਆ ਹੋਇਆ ਹੈ। ਖਾਸ ਕਰਕੇ ਬੱਚਿਆਂ ਨੂੰ ਮੈਡੀਕਲ ਸਹੂਲਤਾਂ ਦੇਣ ਦੇ ਮਾਮਲੇ ਵਿੱਚ। ਦੱਸਿਆ ਜਾਂਦਾ ਹੈ ਕਿ ਜਦੋਂ ਇੱਥੋਂ ਦੇ ਸ਼ਾਰਲੋਟ ਐਲੇਨੋਰ ਐਂਗਲਹਾਰਟ ਹਸਪਤਾਲ ਪ੍ਰਸ਼ਾਸਨ ਨੂੰ ਬੱਚੇ ਨਾਲ ਹੋਏ ਹਾਦਸੇ ਬਾਰੇ ਪਤਾ ਲੱਗਾ ਤਾਂ ਹਰ ਕੋਈ ਆਪਣਾ ਕੰਮ ਛੱਡ ਕੇ ਬੱਚੇ ਨੂੰ ਬਚਾਉਣ ਲਈ ਮੈਡੀਕਲ ਟੀਮ ਨਾਲ ਜੁੜ ਗਿਆ। ਡਾਕਟਰੀ ਟੀਮ ਨੇ ਬੱਚੇ ਨੂੰ ਬਚਾਉਣ ਲਈ ਲਗਾਤਾਰ ਤਿੰਨ ਘੰਟੇ ਤੱਕ ਸੀ.ਪੀ.ਆਰ. ਦਿੱਤੀ। ਇਸ ਦੌਰਾਨ ਹਿੰਮਤ ਨਾ ਹਾਰਦੇ ਹੋਏ ਡਾਕਟਰ-ਨਰਸਾਂ ਨੇ ਵਾਰੋ-ਵਾਰੀ ਬੱਚੇ ਦੇ ਦਿਲ ਦੀ ਧੜਕਣ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਸੀ.ਪੀ.ਆਰ ਦਿੰਦੇ ਰਹੇ। ਆਖਰਕਾਰ ਬੱਚੇ ਨੂੰ ਬਚਾ ਲਿਆ ਗਿਆ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਨੇ ਛੋਟੇ ਬੱਚਿਆਂ ਲਈ ਖੋਲ੍ਹਿਆ ਸਕੂਲਿੰਗ ਵੀਜ਼ਾ, ਮਾਂ-ਪਿਓ ਵੀ ਜਾ ਸਕਣਗੇ ਨਾਲ, ਜਲਦ ਕਰੋ ਅਪਲਾਈ

ਹਸਪਤਾਲ ਦੀ ਪੂਰੀ ਟੀਮ ਨੇੇ ਕੀਤਾ ਸਹਿਯੋਗ

ਹਸਪਤਾਲ ਦੇ ਇੱਕ ਡਾਕਟਰ ਅਨੁਸਾਰ ਬੱਚੇ ਨੂੰ ਬਚਾਉਣ ਦਾ ਸਿਹਰਾ ਹਸਪਤਾਲ ਦੀ ਪੂਰੀ ਟੀਮ ਨੂੰ ਜਾਂਦਾ ਹੈ। ਇੱਥੇ ਲੈਬ ਟੈਕਨੀਸ਼ੀਅਨ ਪੋਰਟੇਬਲ ਹੀਟਰ ਫੜੀ ਕਮਰੇ ਵਿੱਚ ਖੜ੍ਹਾ ਸੀ। ਨਰਸਾਂ ਬੱਚੇ ਨੂੰ ਗਰਮ ਰੱਖਣ ਲਈ ਮਾਈਕ੍ਰੋਵੇਵ ਤੋਂ ਗਰਮ ਕੀਤਾ ਹੋਇਆ ਪਾਣੀ ਲਿਆਉਂਦੀਆਂ ਰਹੀਆਂ। ਇਸ ਤੋਂ ਇਲਾਵਾ ਐਮਰਜੈਂਸੀ ਮੈਡੀਕਲ ਸੇਵਾ ਨਾਲ ਜੁੜੇ ਕਰਮਚਾਰੀ ਕੰਪ੍ਰੈਸ਼ਰ ਨੂੰ ਲਗਾਤਾਰ ਘੁੰਮਾਉਂਦੇ ਰਹੇ, ਜਿਸ ਕਾਰਨ ਕਮਰੇ ਵਿਚ ਹਵਾ ਦਾ ਸੰਚਾਰ ਵੀ ਠੀਕ ਰਿਹਾ। ਲੰਡਨ ਤੋਂ ਵੀ ਡਾਕਟਰੀ ਟੀਮ ਹਸਪਤਾਲ ਦੇ ਡਾਕਟਰਾਂ ਨਾਲ ਜੁੜ ਕੇ ਉਨ੍ਹਾਂ ਦਾ ਮਾਰਗਦਰਸ਼ਨ ਕਰਦੀ ਰਹੀ। ਆਖਰਕਾਰ ਬੱਚੇ ਨੂੰ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ 6 ਫਰਵਰੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਉਹ ਪਿਛਲੇ ਦੋ ਹਫ਼ਤਿਆਂ ਤੋਂ ਬਿਲਕੁਲ ਠੀਕ ਹੈ। ਡਾਕਟਰਾਂ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ ਦਾ ਵੀ ਮੰਨਣਾ ਹੈ ਕਿ ਇਹ ਪੂਰੀ ਘਟਨਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News