ਇਕ ਦਿਨ ''ਚ ਯੂਕ੍ਰੇਨ ''ਚ ਜੰਗ ਖ਼ਤਮ ਕਰਨ ਦੇ ਟਰੰਪ ਦੇ ਦਾਅਵੇ ''ਤੇ ਬੋਲਿਆ ਰੂਸ : ਉਹ ਅਜਿਹਾ ਨਹੀਂ ਕਰ ਸਕਦੇ
Tuesday, Jul 02, 2024 - 11:12 AM (IST)
ਸੰਯੁਕਤ ਰਾਸ਼ਟਰ (ਏਜੰਸੀ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਰ-ਵਾਰ ਕਿਹਾ ਹੈ ਕਿ ਜੇਕਰ ਉਹ ਮੁੜ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਇਕ ਦਿਨ 'ਚ ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਦਾ ਹੱਲ ਕੱਢ ਸਕਦੇ ਹਨ। ਫਿਲਹਾਲ ਸੰਯੁਕਤ ਰਾਸ਼ਟਰ 'ਚ ਰੂਸ ਦੇ ਰਾਜਦੂਤ ਦਾ ਕਹਿਣਾ ਹੈ ਕਿ ਟਰੰਪ ਅਜਿਹਾ ਨਹੀਂ ਕਰ ਸਕਦੇ। ਰਿਪਬਲਿਕਨ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੇ ਸੰਭਾਵਿਤ ਉਮੀਦਵਾਰ ਦੇ ਦਾਅਵੇ ਬਾਰੇ ਪੁੱਛੇ ਜਾਣ 'ਤੇ ਰੂਸੀ ਰਾਜਦੂਤ ਵੈਸਿਲੀ ਨੇਬੇਂਜੀਆ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ,''ਯੂਕ੍ਰੇਨ ਦਾ ਸੰਕਟ ਇਕ ਦਿਨ 'ਚ ਹੱਲ ਨਹੀਂ ਕੀਤਾ ਜਾ ਸਕਦਾ ਹੈ।'' ਟਰੰਪ ਨੇ ਮਈ 2023 'ਚ ਸੀ.ਐੱਨ.ਐੱਨ. ਟਾਊਨ ਹਾਲ 'ਚ ਕਿਹਾ ਸੀ,''ਰੂਸੀ ਅਤੇ ਯੂਕ੍ਰੇਨੀ ਨਾਗਰਿਕ ਮਰ ਰਹੇ ਹਨ। ਮੈਂ ਉਨ੍ਹਾਂ ਨੂੰ ਮਰਨ ਤੋਂ ਰੋਕਣਾ ਚਾਹੁੰਦਾ ਹਾਂ ਅਤੇ ਮੈਂ 24 ਘੰਟੇ 'ਚ ਇਹ ਕਰ ਸਕਦਾ ਹਾਂ।'' ਉਨ੍ਹਾਂ ਕਹਿਾ ਕਿ ਉਨ੍ਹਾਂ ਦੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਂਸਕੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਹ ਹੋਵੇਗਾ। ਉਹ ਆਪਣੀ ਪ੍ਰਚਾਰ ਮੁਹਿੰਮ 'ਚ ਵਾਰ-ਵਾਰ ਇਹ ਦਾਅਵਾ ਕਰ ਰਹੇ ਹਨ।
ਟਰੰਪ ਨੇ ਪਿਛਲੇ ਹਫ਼ਤੇ ਵੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਬਹਿਸ ਦੌਰਾਨ ਇਹ ਦਾਅਵਾ ਕੀਤਾ,''ਜੇਕਰ ਸਾਡੇ ਕੋਲ ਅਜਿਹਾ ਰਾਸ਼ਟਰਪਤੀ ਹੁੰਦਾ, ਜਿਸ ਦਾ ਪੁਤਿਨ ਸਨਮਾਨ ਕਰਦੇ ਹਨ ਤਾਂ ਉਹ ਕਦੇ ਯੂਕ੍ਰੇਨ 'ਤੇ ਹਮਲਾ ਨਹੀਂ ਕਰਦੇ।'' ਉੱਥੇ ਹੀ ਨੇਬੇਂਜੀਆ ਨੇ ਕਿਹਾ ਕਿ ਇਹ ਯੁੱਧ ਅਪ੍ਰੈਲ 2022 'ਚ ਖ਼ਤਮ ਹੋ ਸਕਦਾ ਸੀ, ਜਦੋਂ ਇਸਤਾਂਬੁਲ 'ਚ ਰੂਸ ਅਤੇ ਯੂਕ੍ਰੇਨ ਇਕ ਸਮਝੌਤੇ ਦੇ ਬੇਹੱਦ ਕਰੀਬ ਪਹੁੰਚ ਗਏ ਸਨ। ਉਨ੍ਹਾਂ ਨੇ ਯੂਕ੍ਰੇਨ ਦੇ ਪੱਛਮੀ ਦੇਸ਼ਾਂ ਦੇ ਸਮਰਥਕਾਂ 'ਤੇ ਅਪ੍ਰੈਲ 2022 'ਚ ਹੋਣ ਵਾਲੇ ਸ਼ਾਂਤੀ ਸਮਝੌਤੇ ਨੂੰ ਰੋਕਣ ਦਾ ਦੋਸ਼ ਮੜ੍ਹਿਆ। ਰੂਸੀ ਰਾਜਦੂਤ ਨੇ ਕਿਹਾ ਕਿ ਹੁਣ ਜ਼ੇਲੇਂਸਕੀ ਆਪਣੇ ਅਜਿਹੇ ਸ਼ਾਂਤੀ ਸਮਝੌਤੇ 'ਤੇ ਗੱਲ ਕਰ ਰਹੇ ਹਨ ਜੋ ਜ਼ਾਹਰ ਤੌਰ 'ਤੇ ਕੋਈ ਸ਼ਾਂਤੀ ਸਮਝੌਤਾ ਨਹੀਂ ਸਗੋਂ ਇਕ ਮਜ਼ਾਕ ਹੈ।'' ਟਰੰਪ ਦੀ ਪ੍ਰਚਾਰ ਮੁਹਿੰਮ ਦਲ ਨੇ ਨੇਬੇਂਜੀਆ ਦੀਆਂ ਟਿੱਪਣੀਆਂ 'ਤੇ ਅਜੇ ਕੋਈ ਜਵਾਬ ਨਹੀਂ ਦਿੱਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e