ਨੇਪਾਲ ’ਚ ਆਹਮੋ-ਸਾਹਮਣੇ ਹੋਏ ਓਲੀ ਦੇ ਸਮਰਥਕ ਅਤੇ ‘ਜੈਨ ਜ਼ੈੱਡ’ ਨੌਜਵਾਨ
Saturday, Nov 22, 2025 - 12:35 PM (IST)
ਕਾਠਮੰਡੂ (ਭਾਸ਼ਾ)- ਨੇਪਾਲ ਦੇ ‘ਜੈਨ ਜ਼ੈੱਡ’ ਜਵਾਨ ਅਤੇ ਬਰਖਾਸਤ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਦੇ ਅਗਵਾਈ ਵਾਲੇ ਸੀ. ਪੀ. ਐੱਨ.-ਯੂ. ਐੱਮ. ਐੱਲ. ਦੇ ਸਮਰਥਕਾਂ ਦਾ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਰਾਜਧਾਨੀ ਕਾਠਮੰਡੂ ’ਚ ਆਹਮੋ-ਸਾਹਮਣਾ ਹੋਇਆ, ਜਦਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਵਿਚਾਲੇ ਝੜਪ ਕਾਰਨ ਬਾਰਾ ਜ਼ਿਲੇ ’ਚ ਕਰਫਿਊ ਲਾਉਣਾ ਪਿਆ ਸੀ।
‘ਜੈਨ ਜ਼ੈੱਡ’ ਸਮੂਹ ਦੇ ਦਰਜਨਾਂ ਜ਼ਖ਼ਮੀ ਨੌਜਵਾਨਾਂ ਨੇ ਕਾਠਮੰਡੂ ਦੇ ਮਾਇਤੀਘਰ ਮੰਡਲਾ ’ਚ ਸਾਬਕਾ ਪ੍ਰਧਾਨ ਮੰਤਰੀ ਓਲੀ ਖਿਲਾਫ ਧਰਨਾ ਦਿੱਤਾ। ਉਹ 8 ਸਤੰਬਰ ਨੂੰ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਖਿਲਾਫ ਕੀਤੀ ਗਈ ਕਾਰਵਾਈ ਲਈ ਓਲੀ ਨੂੰ ਜ਼ਿੰਮੇਦਾਰ ਠਹਿਰਾਅ ਰਹੇ ਹਨ, ਜਿਸ ’ਚ 76 ਲੋਕ ਮਾਰੇ ਗਏ ਸਨ।
ਸ਼ੁੱਕਰਵਾਰ ਦਾ ਪ੍ਰਦਰਸ਼ਨ ਨੇੜਲੇ ਬਾਨੇਸ਼ਵਰ-ਬਬਰਮਹਿਲ ਖੇਤਰ ’ਚ ਸੀ. ਪੀ. ਐੱਨ. -ਯੂ. ਐੱਮ. ਐੱਲ. ਦੀ ਰੈਲੀ ਤੋਂ ਬਾਅਦ ਹੋਇਆ, ਜਿੱਥੇ ਪਾਰਟੀ ਮੁਖੀ ਓਲੀ ਨੇ ਯੂ. ਐੱਮ. ਐੱਲ. ਨੇਤਾਵਾਂ ਅਤੇ ਵਰਕਰਾਂ ਨੂੰ ਸੁਰੱਖਿਆ ਦੇਣ ਲਈ ‘ਨੈਸ਼ਨਲ ਵਾਲੰਟੀਅਰਸ ਫੋਰਸ’ ਦੇ ਗਠਨ ਦਾ ਐਲਾਨ ਕੀਤਾ। ਯੂ. ਐੱਮ. ਐੱਲ. ਵਰਕਰਾਂ ਅਤੇ ‘ਜੈਨ ਜ਼ੈਡ’ ਨੌਜਵਾਨ ਦੋਵਾਂ ਦੇ ਪ੍ਰੋਗਰਾਮ ਲੱਗਭਗ ਇਕ ਹੀ ਸਥਾਨ ’ਤੇ ਅਤੇ ਇਕ ਹੀ ਸਮੇਂ ਆਜੋਯਿਤ ਕੀਤੇ ਗਏ ਸਨ ਅਤੇ ਉਨ੍ਹਾਂ ਵਿਚਕਾਰ ਕਿਸੇ ਵੀ ਟਕਰਾਅ ਨੂੰ ਟਾਲਣ ਲਈ ਵੱਡੀ ਗਿਣਤੀ ’ਚ ਦੰਗਾ ਰੋਕੂ ਪੁਲਸਕਰਮੀ ਤਾਇਨਾਤ ਕੀਤੇ ਗਏ ਸਨ।
