ਨੇਪਾਲ ''ਚ ਓਲੀ ਸਰਕਾਰ ਖ਼ਿਲਾਫ਼ ਸੜਕਾਂ ''ਤੇ ਲੋਕ, ਸਿਰ ਮੁੰਨਵਾਉਣ ਆਏ ਪ੍ਰਦਰਸ਼ਨਕਾਰੀ ਗ੍ਰਿਫ਼ਤਾਰ (ਵੀਡੀਓ)
Thursday, Jan 14, 2021 - 05:03 PM (IST)
ਕਾਠਮੰਡੂ (ਬਿਊਰੋ): ਨੇਪਾਲ ਵਿਚ ਬੁੱਧਵਾਰ ਨੂੰ ਦੇਸ਼ ਦੀ ਰਾਜਧਾਨੀ ਕਾਠਮੰਡੂ ਵਿਚ ਹੇਠਲੇ ਸਦਨ ਨੂੰ ਭੰਗ ਕਰਨ ਦੇ ਖ਼ਿਲਾਫ਼ ਨੇਪਾਲ ਵਿਦਿਆਰਥੀ ਸੰਘ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵਿਰੋਧ ਕਰ ਰਹੇ ਦਰਜਨਾਂ ਲੋਕਾ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਸਰਕਾਰ ਦੇ ਫ਼ੈਸਲੇ ਦੇ ਖ਼ਿਲਾਫ਼ ਨੇਪਾਲ ਵਿਦਿਆਰਥੀ ਸੰਘ ਦੀ ਸਿਰ ਮੁੰਨਵਾਉਣ ਦੀ ਯੋਜਨਾ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ।
ਇਸ ਦੌਰਾਨ ਇਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਸਰਕਾਰ ਸੰਸਦ ਭੰਗ ਕਰ ਸਕਦੀ ਹੈ ਅਤੇ ਸਾਨੂੰ ਸਿਰ ਮੁੰਨਵਾਉਣ ਦੀ ਵੀ ਆਜਾਦੀ ਨਹੀਂ। ਕਿਹੜੇ ਸੰਵਿਧਾਨ ਦੇ ਆਧਾਰ 'ਤੇ ਤੁਸੀਂ ਸਾਨੂੰ ਪਾਬੰਦੀਸ਼ੁਦਾ ਕਰ ਰਹੇ ਹੋ। ਇਹ ਸਾਡਾ ਸੰਵਿਧਾਨ ਹੈ। ਇੱਥੇ ਦੱਸ ਦਈਏ ਕਿ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਵੱਲੋਂ ਸੰਸਦ ਭੰਗ ਕਰਨ ਦੇ ਬਾਅਦ ਤੇ ਚੋਣਾਂ ਦੀਆਂ ਨਵੀਆਂ ਤਾਰੀਖਾਂ ਦੀ ਘੋਸ਼ਣਾ ਦੇ ਬਾਅਦ ਦੇਸ਼ ਵਿਚ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਨੇਪਾਲ ਵਿਦਿਆਰਥੀ ਸੰਘ ਦੀ ਅਗਵਾਈ ਵਿਚ ਲੋਕ ਸਰਕਾਰ ਦੇ ਖ਼ਿਲਾਫ਼ ਕਾਠਮੰਡੂ ਦੀਆਂ ਸੜਕਾਂ 'ਤੇ ਉਤਰ ਆਏ ਅਤੇ ਓਲੀ ਦੇ ਇਸ ਕਦਮ ਨੂੰ ਗੈਰ ਸੰਵਿਧਾਨਕ ਦੱਸਿਆ।
ਪੜ੍ਹੋ ਇਹ ਅਹਿਮ ਖਬਰ- ਪਾਕਿ ਹਿੰਦੂ ਮੰਦਰ ਮਾਮਲਾ : 12 ਪੁਲਸ ਅਧਿਕਾਰੀ ਬਰਖ਼ਾਸਤ
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਦੇ ਖ਼ਿਲਾਫ਼ ਸੁਪਰੀਮ ਕੋਰਟ ਵਿਚ ਚੁਣੌਤੀ ਦੇ ਦਿੱਤੀ ਗਈ ਹੈ। ਸੰਸਦ ਨੂੰ ਭੰਗ ਕਰਨ ਦੇ ਕਦਮ ਦੇ ਖ਼ਿਲਾਫ਼ ਕੁੱਲ 13 ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ। ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ। ਗੌਰਤਲਬ ਹੈ ਕਿ ਇਹ ਨੇਪਾਲ ਦੀ ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਵੱਲੋਂ 20 ਦਸੰਬਰ ਨੂੰ ਪ੍ਰਧਾਨ ਮੰਤਰੀ ਕੇ.ਪੀ.ਸ਼ਰਮਾ ਓਲੀ ਦੀ ਸਿਫਾਰਿਸ਼ 'ਤੇ ਹੇਠਲੇ ਸਦਨ ਨੂੰ ਭੰਗ ਕਰ ਦਿੱਤਾ ਗਿਆ। ਸੰਸਦ ਨੂੰ ਭੰਗ ਕਰਨ ਦੇ ਬਾਅਦ ਓਲੀ ਨੇ 30 ਅਪ੍ਰੈਲ ਅਤੇ 10 ਮਈ 2021 ਨੂੰ ਚੋਣਾਂ ਹੋਣੀਆਂ ਪ੍ਰਸਤਾਵਿਤ ਕੀਤੀਆਂ ਹਨ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।