ਓਬਾਮਾ ਨੇ ਅਮਰੀਕਾ ਵਿਚ ਸੰਸਦੀ ਚੋਣਾਂ ਲਈ ਕੀਤੀ ਪੁਰੇਵਾਲ ਦੀ ਹਮਾਇਤ

8/2/2018 7:30:46 PM

ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਨਵੰਬਰ ਵਿਚ ਹੋਣ ਵਾਲੀਆਂ ਸੰਸਦੀ ਚੋਣਾਂ ਲਈ ਭਾਰਤੀ-ਤਿੱਬਤੀ ਮੂਲ ਦੇ ਅਮਰੀਕੀ ਨਾਗਰਿਕ ਆਫਤਾਬ ਪੁਰੇਵਾਲ ਦੀ ਹਮਾਇਤ ਕੀਤੀ ਹੈ। ਪੁਰੇਵਾਲ ਦਾ ਨਾਂ ਸਾਬਕਾ ਰਾਸ਼ਟਰਪਤੀ ਵਲੋਂ ਜਾਰੀ 80 ਤੋਂ ਜ਼ਿਆਦਾ ਡੈਮੋਕ੍ਰੇਟਿਕ ਉਮੀਦਵਾਰਾਂ ਦੀ ਪਹਿਲੀ ਸੂਚੀ ਵਿਚ ਹੈ।
ਪੁਰੇਵਾਲ (35) ਓਹਾਓ ਤੋਂ ਪ੍ਰਤੀਨਿਧੀ ਸਭਾ ਵਿਚ ਜਾਣਾ ਚਾਹੁੰਦੇ ਹਨ। ਇਹ ਪਹਿਲਾ ਕਾਂਗਰੇਸਨਲ ਜ਼ਿਲਾ ਹੈ। ਵੱਖ-ਵੱਖ ਅਹੁਦਿਆਂ ਲਈ ਨਵੰਬਰ ਵਿਚ ਹੋਣ ਵਾਲੀਆਂ ਮੱਧ ਵਰਗੀ ਚੋਣਾਂ ਵਿਚ ਕਿਸਮਤ ਅਜ਼ਮਾਉਣ ਵਾਲੇ 81 ਉਮੀਦਵਾਰਾਂ ਦੀ ਸੂਚੀ ਵਿਚ ਪੁਰੇਵਾਲ ਇਕੋ ਇਕ ਭਾਰਤੀ-ਤਿੱਬਤੀ ਮੂਲ ਦੇ ਅਮਰੀਕੀ ਹਨ।
ਓਬਾਮਾ ਨੇ ਆਪਣੀ ਪਹਿਲੀ ਸੂਚੀ ਜਾਰੀ ਕਰਦਿਆਂ ਕਿਹਾ ਕਿ ਮੈਨੂੰ ਪ੍ਰਭਾਵਸ਼ਾਲੀ ਡੈਮੋਕ੍ਰੇਟਿਕ ਉਮੀਦਵਾਰਾਂ ਦੀ ਹਮਾਇਤ ਕਰਦੇ ਹੋਏ ਫਖ਼ਰ ਮਹਿਸੂਸ ਹੋ ਰਿਹਾ ਹੈ। ਇਸ ਵਿਚ ਦੇਸ਼ਭਗਤ ਅਤੇ ਵੱਡੇ ਦਿਲ ਵਾਲੇ ਲੋਕ ਸ਼ਾਮਲ ਹਨ, ਜੋ ਅਮਰੀਕਾ ਦੀ ਨੁਮਾਇੰਦਗੀ ਕਰਨਾ ਚਾਹੁੰਦੇ ਹਨ। ਇਨ੍ਹਾਂ ਵਿਚੋਂ ਇਕ ਚੌਥਾਈ ਲੋਕ ਅਮਰੀਕੀ ਸੰਸਦ ਲਈ ਉਮੀਦਵਾਰ ਹਨ। ਸਥਾਨਕ ਮੀਡੀਆ ਮੁਤਾਬਕ, ਪੁਰੇਵਾਲ ਰਿਪਬਲੀਕਨ ਨੇਤਾ ਸਟੀਵ ਸ਼ੈਬੋਟ ਦੀ ਥਾਂ ਕਾਂਗਰਸ ਵਿਚ ਜਾਣਾ ਚਾਹੁੰਦੇ ਹਨ। ਜੋ 11ਵੀਂ ਵਾਰ ਓਹਾਓ ਦੀ ਨੁਮਾਇੰਦਗੀ ਕਰ ਰਹੇ ਹਨ।