ਨਿਊਜ਼ੀਲੈਂਡ ਨੇ ਕਾਬੁਲ ਹਵਾਈ ਅੱਡੇ ਤੋਂ ਆਪਣੇ ਨਾਗਰਿਕਾਂ ਨੂੰ ਕੱਢਿਆ ਸੁਰੱਖਿਅਤ

Friday, Aug 27, 2021 - 02:10 PM (IST)

ਨਿਊਜ਼ੀਲੈਂਡ ਨੇ ਕਾਬੁਲ ਹਵਾਈ ਅੱਡੇ ਤੋਂ ਆਪਣੇ ਨਾਗਰਿਕਾਂ ਨੂੰ ਕੱਢਿਆ ਸੁਰੱਖਿਅਤ

ਵੈਲਿੰਗਟਨ (ਏਜੰਸੀ): ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸ਼ੁੱਕਰਵਾਰ ਨੂੰ ਇਕ ਬ੍ਰੀਫਿੰਗ ਵਿੱਚ ਦੱਸਿਆ ਕਿ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਲੋਕਾਂ ਨੂੰ ਕੱਢ ਰਹੇ ਨਿਊਜ਼ੀਲੈਂਡ ਡਿਫੈਂਸ ਫੋਰਸ (NZDF) C-130 ਹਰਕਿਊਲਸ ਜਹਾਜ਼ਾਂ ਦੀ ਆਖਰੀ ਉਡਾਣ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਅਰਡਰਨ ਨੇ ਕਿਹਾ ਕਿ ਵੀਰਵਾਰ ਨੂੰ ਹਵਾਈ ਅੱਡੇ 'ਤੇ ਹੋਏ ਧਮਾਕਿਆਂ ਦੇ ਸਮੇਂ ਐਨ.ਜ਼ੈੱਡ.ਡੀ.ਐੱਫ. ਦਾ ਕੋਈ ਵੀ ਕਰਮਚਾਰੀ ਕਾਬੁਲ ਵਿੱਚ ਨਹੀਂ ਸੀ ਕਿਉਂਕਿ ਉਹ ਸਾਰੇ ਆਖਰੀ ਉਡਾਣ' ਤੇ ਸੁਰੱਖਿਅਤ ਢੰਗ ਨਾਲ ਰਵਾਨਾ ਹੋ ਚੁੱਕੇ ਸਨ।

ਐਨ.ਜ਼ੈੱਡ.ਡੀ.ਐੱਫ. ਨੇ ਪੁਸ਼ਟੀ ਕੀਤੀ ਹੈ ਕਿ ਕਾਬੁਲ ਹਵਾਈ ਅੱਡੇ ਦੇ ਅੰਦਰ ਨਿਊਜ਼ੀਲੈਂਡ ਦਾ ਕੋਈ ਵੀ ਨਾਗਰਿਕ ਨਹੀਂ ਬਚਿਆ ਹੈ। ਹੁਣ ਤੱਕ, ਨਿਊਜ਼ੀਲੈਂਡ ਦੇ 276 ਨਾਗਰਿਕਾਂ ਅਤੇ ਸਥਾਈ ਵਸਨੀਕਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਹੋਰ ਵੀਜ਼ਾ ਧਾਰਕਾਂ ਨੂੰ ਕਾਬੁਲ ਤੋਂ ਕੱਢਿਆ ਜਾ ਚੁੱਕਾ ਹੈ।ਅਰਡਰਨ ਨੇ ਕਿਹਾ ਕਿ ਇਨ੍ਹਾਂ ਵਿੱਚੋਂ 228 ਪਹਿਲਾਂ ਹੀ ਯੂਏਈ ਤੋਂ ਨਿਊਜ਼ੀਲੈਂਡ ਲਈ ਰਵਾਨਾ ਹੋ ਚੁੱਕੇ ਹਨ।ਉਹਨਾਂ ਨੇ ਅੱਗੇ ਕਿਹਾ ਕਿ ਨਿਊਜ਼ੀਲੈਂਡ ਵਾਸੀਆਂ ਅਤੇ ਆਸਟ੍ਰੇਲੀਆਈ ਲੋਕਾਂ ਸਮੇਤ 100 ਲੋਕਾਂ ਦੇ ਇੱਕ ਹੋਰ ਸਮੂਹ ਨੂੰ ਐਨ.ਜ਼ੈੱਡ.ਡੀ.ਐੱਫ. ਦੀ ਕਾਬੁਲ ਤੋਂ ਆਖਰੀ ਉਡਾਣ ਵਿੱਚ ਬਾਹਰ ਕੱਢਿਆ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ-ਜਾਨਲੇਵਾ ਧਮਾਕਿਆਂ ਦੇ ਬਾਅਦ ਕਾਬੁਲ 'ਚ ਮੁੜ ਸ਼ੁਰੂ ਹੋਈਆਂ 'ਉਡਾਣਾਂ'

ਰੱਖਿਆ ਮੰਤਰੀ ਪੀਨੀ ਹੈਨਾਰੇ ਨੇ ਕਿਹਾ ਕਿ ਮਿਸ਼ਨ ਦੌਰਾਨ,ਐਨ.ਜ਼ੈੱਡ.ਡੀ.ਐੱਫ. ਜਹਾਜ਼ ਕਾਬੁਲ ਤੋਂ ਤਿੰਨ ਉਡਾਣਾਂ ਭਰਨ ਦੇ ਯੋਗ ਸੀ ਅਤੇ ਸੈਂਕੜੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਸੀ ਜੋ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੋਵਾਂ ਲਈ ਹਨ। ਉਹਨਾਂ ਨੇ ਅੱਗੇ ਕਿਹਾ ਕਿ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਲਈ ਕਈ ਲੋਕਾਂ ਨੂੰ ਵੀ ਬਾਹਰ ਲਿਆਂਦਾ ਹੈ।ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈਕਿ ਐਨ.ਜ਼ੈੱਡ.ਡੀ.ਐੱਫ. ਕਰਮਚਾਰੀ ਅਤੇ C-130 ਜਹਾਜ਼ ਨਿਊਜ਼ੀਲੈਂਡ ਕਦੋਂ ਪਹੁੰਚਣਗੇ।


author

Vandana

Content Editor

Related News