8 ਸਾਲਾਂ 'ਚ ਪਹਿਲੀ ਵਾਰ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਘਟੀ ਗਿਣਤੀ

Saturday, Sep 15, 2018 - 12:27 AM (IST)

8 ਸਾਲਾਂ 'ਚ ਪਹਿਲੀ ਵਾਰ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਘਟੀ ਗਿਣਤੀ

ਨਵੀਂ ਦਿੱਲੀ— 8 ਸਾਲਾਂ 'ਚ ਪਹਿਲੀ ਵਾਰ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ 'ਚ ਕਮੀ ਦੇਖਣ ਨੂੰ ਮਿਲੀ ਹੈ। 2017 'ਚ ਕਰੀਬ 11 ਲੱਖ 14 ਹਜ਼ਾਰ ਭਾਰਤੀ ਅਮਰੀਕਾ ਗਏ ਸਨ। ਇਹ ਗਿਣਤੀ ਇਸ ਦੇ ਪਿਛਲੇ ਸਾਲ ਦੇ ਮੁਕਾਬਲੇ 5 ਫੀਸਦੀ ਘੱਟ ਹੈ। 2016 'ਚ 11.72 ਲੱਖ ਭਾਰਤੀ, ਅਮਰੀਕਾ ਗਏ ਸਨ। ਅਮਰੀਕਾ ਡਿਪਾਰਟਮੈਂਟ ਆਫ ਨੈਸ਼ਨਲ ਟ੍ਰੈਵਲ ਐਂਡ ਟ੍ਰੇਡ ਆਫਿਸ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਹਮਣੇ ਆਈ ਹੈ।

ਨੈਸ਼ਨਲ ਟ੍ਰੈਵਲ ਐਂਡ ਟ੍ਰੇਡ ਆਫਿਸ ਨੇ ਅਪ੍ਰੈਲ 'ਚ ਵਿਦੇਸ਼ੀ ਯਾਤਰੀਆਂ ਦੇ ਅੰਕੜੇ ਜਾਰੀ ਕਰਨ ਨੂੰ ਅਸਥਾਈ ਤੌਰ 'ਤੇ ਮੁਅੱਤਲ ਕੀਤਾ ਸੀ। ਯੂ.ਐੱਲ. ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਤੋਂ ਮਿਲੇ ਰਿਕਾਰਡ 'ਚ ਗਲਤੀਆਂ ਦੇ ਕਾਰਨ ਅਜਿਹਾ ਫੈਸਲਾ ਕੀਤਾ ਗਿਆ ਸੀ। ਇਸ ਕਾਰਨ 2017 'ਚ ਅਮਰੀਕਾ ਜਾਣ ਵਾਲੇ ਵਿਦੇਸ਼ੀ ਯਾਤਰੀਆਂ ਦੀ ਗਿਣਤੀ ਦੀ ਜਾਣਕਾਰੀ ਨਹੀਂ ਮਿਲ ਰਹੀ ਸੀ। ਬੁੱਧਵਾਰ ਨੂੰ ਨੈਸ਼ਨਲ ਟ੍ਰੈਵਲ ਐਂਡ ਟ੍ਰੇਡ ਆਫਿਸ ਨੇ ਇਸ ਜਾਣਕਾਰੀ ਨੂੰ ਜਾਰੀ ਕਰ ਦਿੱਤੀ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤੀਆਂ ਦੀ ਗਿਣਤੀ 'ਚ ਕਮੀ ਆਈ ਹੈ। ਇਸ ਤੋਂ ਪਹਿਲਾਂ 2009 'ਚ 5.5 ਲੱਖ ਭਾਰਤੀਆਂ ਨੇ ਅਮਰੀਕਾ ਯਾਤਰਾ ਕੀਤੀ ਸੀ। ਉਦੋਂ ਇਸ ਗਿਣਤੀ 'ਚ ਇਸ ਦੇ ਪਿਛਲੇ ਸਾਲ ਮੁਕਾਬਲੇ 8 ਫੀਸਦੀ ਦੀ ਕਮੀ ਦਰਜ ਕੀਤੀ ਗਈ ਸੀ। ਇਹ ਉਹ ਦੌਰ ਸੀ ਜਦੋਂ ਦੁਨੀਆ ਭਰ ਨੂੰ ਮੰਦੀ ਨੇ ਘੇਰਿਆ ਹੋਇਆ ਸੀ। ਲੋਕਾਂ ਨੇ ਆਪਣੇ ਖਰਚਿਆਂ 'ਚ ਕਟੌਤੀ ਕੀਤੀ ਸੀ। ਇਸ ਤੋਂ ਬਾਅਦ ਤੋਂ 2016 ਤੱਕ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ 'ਚ ਵਾਧਾ ਹੀ ਦੇਖਿਆ ਗਿਆ।

ਨੈਸ਼ਨਲ ਟ੍ਰੈਵਲ ਐਂਡ ਟ੍ਰੇਡ ਆਫਿਸ ਨੇ 2018 ਤੋਂ 2022 ਵਿਚਾਲੇ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ 'ਚ ਵਾਧੇ ਦਾ ਅਨੁਮਾਨ ਲਾਇਆ ਹੈ। ਟ੍ਰੈਵਲ ਇੰਡਸਟ੍ਰੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਵਿਦੇਸ਼ਾਂ 'ਚ ਜਾਣ ਵਾਲੇ ਭਾਰਤੀਆਂ ਦੀ ਗਿਣਤੀ 'ਚ 10 ਤੋਂ 12 ਫੀਸਦੀ ਵਾਧਾ ਦੇਖਣ ਨੂੰ ਮਿਲਿਆ ਹੈ।


Related News