ਆਸਟ੍ਰੇਲੀਆ : ਗਰਭਪਾਤ ਬਿੱਲ ''ਤੇ ਸੰਸਦ ਦੇ ਉਪਰਲੇ ਸਦਨ ''ਚ ਹੋਵੇਗੀ ਬਹਿਸ

08/20/2019 12:05:56 PM

ਸਿਡਨੀ— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਗਰਭਪਾਤ ਬਿੱਲ ਸੰਸਦ 'ਚ ਅਜੇ ਲਟਕਿਆ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਸਤੰਬਰ ਦੇ ਮੱਧ ਤਕ ਇਸ 'ਤੇ ਵੋਟਿੰਗ ਹੋ ਸਕਦੀ ਹੈ।ਤੁਹਾਨੂੰ ਦੱਸ ਦਈਏ ਕਿ ਦੋ ਹਫਤਿਆਂ ਦੀ ਲੰਬੀ ਬਹਿਸ ਮਗਰੋਂ ਹੇਠਲੇ ਸਦਨ 'ਚ ਬਿੱਲ ਪਾਸ ਹੋ ਗਿਆ ਸੀ ਤੇ ਹੁਣ ਇਹ ਉੱਪਰਲੇ ਸਦਨ 'ਚ ਭੇਜਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਬਿੱਲ 'ਤੇ ਇਸ ਹਫਤੇ ਵੋਟਾਂ ਕਰਵਾਈਆਂ ਜਾ ਸਕਦੀਆਂ ਹਨ ਪਰ ਬਹੁਤ ਸਾਰੇ ਲੋਕਾਂ ਵਲੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਤੰਬਰ ਦੇ ਮੱਧ ਤਕ ਅਜਿਹਾ ਹੋਵੇਗਾ। ਹਾਲਾਂਕਿ ਖਾਸ ਸੂਤਰਾਂ ਦਾ ਕਹਿਣਾ ਹੈ ਕਿ 17 ਸਤੰਬਰ ਨੂੰ ਇਸ 'ਤੇ ਬਹਿਸ ਹੋਵੇਗੀ। ਬਿੱਲ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ 'ਦਿ ਪ੍ਰੋਡਕਟਿਵ ਹੈਲਥ ਕੇਅਰ ਰੀਫੋਰਮ ਬਿੱਲ' ਵਧੇਰੇ ਵੋਟਾਂ ਨਾਲ ਪਾਸ ਹੋਵੇਗਾ ਤੇ ਵਿਰੋਧੀ ਵੀ ਇਸ ਦੇ ਸਮਰਥਨ 'ਚ ਆ ਜਾਣਗੇ। 

ਜ਼ਿਕਰਯੋਗ ਹੈ ਕਿ ਨਿਊ ਸਾਊਥ ਵੇਲਜ਼ ਦੇ ਕਾਨੂੰਨ ਮੁਤਾਬਕ ਇੱਥੇ ਗਰਭਪਾਤ ਕਰਵਾਉਣਾ ਅਪਰਾਧ ਹੈ ਤੇ ਅਜਿਹਾ ਕਰਨ ਵਾਲੀ ਔਰਤ ਤੇ ਉਸ ਦੀ ਮਦਦ ਕਰਨ ਵਾਲੇ ਡਾਕਟਰ ਨੂੰ ਸਜ਼ਾ ਵੀ ਹੋ ਸਕਦੀ ਹੈ। ਇਸ ਸੂਬੇ ਨੂੰ ਛੱਡ ਕੇ ਪੂਰੇ ਆਸਟ੍ਰੇਲੀਆ 'ਚ ਔਰਤਾਂ ਗਰਭਪਾਤ ਕਰਵਾਉਣ ਲਈ ਆਜ਼ਾਦ ਹਨ। ਇਸੇ ਲਈ ਇਸ ਕਾਨੂੰਨ 'ਚ ਬਦਲਾਅ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ।


Related News