ਹੁਣ ਅਮਰੀਕਾ ਪਾਕਿ ਡਿਪਲੋਮੈਟਾਂ ''ਤੇ ਪਾਬੰਦੀਆਂ ਲਗਾਉਣ ਦੀ ਤਿਆਰੀ ''ਚ

04/11/2018 11:23:43 AM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਵਿਚ ਅਮਰੀਕੀ ਡਿਪਲੋਮੈਟ ਵੱਲੋਂ ਹੋਏ ਸੜਕ ਹਾਦਸੇ ਨੂੰ ਲੈ ਕੇ ਜਾਰੀ ਤਣਾਅ ਵਿਚ ਹੁਣ ਵਾਸ਼ਿੰਗਟਨ ਨੇ ਆਪਣੇ ਇੱਥੇ ਰਹਿ ਰਹੇ ਪਾਕਿਸਤਾਨੀ ਡਿਪਲੋਮੈਟਾਂ 'ਤੇ ਨਵੀਆਂ ਪਾਬੰਦੀਆਂ ਲਗਾਉਣ ਦੀ ਤਿਆਰੀ ਵਿਚ ਹੈ। ਅਮਰੀਕੀ ਪ੍ਰਸ਼ਾਸਨ ਨੇ ਕਥਿਤ ਤੌਰ 'ਤੇ ਨਵਾਂ ਕੋਡ ਆਫ ਕੰਡਕਟ ਤਿਆਰ ਕੀਤਾ ਹੈ, ਜਿਸ ਮੁਤਾਬਕ ਪਾਕਿਸਤਾਨੀ ਡਿਪਲੋਮੈਟਾਂ ਨੂੰ 40 ਕਿਲੋਮੀਟਰ ਦੇ ਦਾਇਰੇ ਵਿਚ ਹੀ ਸਫਰ ਕਰਨ ਦੀ ਇਜਾਜ਼ਤ ਹੋਵੇਗੀ। ਇਕ ਅੰਗਰੇਜੀ ਅਖਬਾਰ ਮੁਤਾਬਕ ਨਵੀਆਂ ਪਾਬੰਦੀਆਂ 1 ਮਈ ਤੋਂ ਲਾਗੂ ਹੋਣਗੀਆਂ। ਸੂਤਰਾਂ ਮੁਤਾਬਕ ਇਸ਼ ਸੰਬੰਧ ਵਿਚ ਪਾਕਿਸਤਾਨੀ ਦੂਤਘਰ ਦੇ ਇਲਾਵਾ 4 ਵਣਜ ਦੂਤਘਰਾਂ ਵਿਚ ਕੰਮ ਕਰਨ ਵਾਲੇ ਡਿਪਲੋਮੈਟਾਂ ਨੂੰ ਨੋਟਿਸ ਦਿੱਤਾ ਜਾ ਚੁੱਕਾ ਹੈ। 
ਨਵੇਂ ਨਿਯਮਾਂ ਮੁਤਾਬਕ ਪਾਕਿਸਤਾਨੀ ਡਿਪਲੋਮੈਟ ਸਟਾਫ ਲਈ 40 ਕਿਲੋਮੀਟਰ ਤੋਂ ਜ਼ਿਆਦਾ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਅਮਰੀਕੀ ਪ੍ਰਸ਼ਾਸਨ ਦੀ ਮਨਜ਼ੂਰ ਲੈਣਾ ਜ਼ਰੂਰੀ ਹੈ। ਇੰਨਾ ਹੀ ਨਹੀਂ ਉਨ੍ਹਾਂ ਲਈ ਦੂਤਘਰ ਅਤੇ ਵਣਜ ਦੂਤਘਰਾਂ ਦੇ 20 ਮੀਲ ਦੇ ਦਾਇਰੇ ਵਿਚ ਹੀ ਘਰ ਲੈਣਾ ਜ਼ਰੂਰੀ ਹੈ। ਦੱਸਣਯੋਗ ਹੈ ਕਿ ਪਾਕਿਸਤਾਨ ਵਿਚ ਅਮਰੀਕੀ ਡਿਪਲੋਮੈਟ ਕਰਨਲ ਜੋਸੇਫ ਇਮੈਨੁਅਲ ਹਾਲ ਦੀ ਗੱਡੀ ਨਾਲ ਟਕਰਾਉਣ ਮਗਰੋਂ ਇਕ ਬਾਈਕ ਸਵਾਰ ਦੀ ਮੌਤ ਦੇ ਬਾਅਦ ਜੋਸੇਫ ਨੂੰ No fly list ਵਿਚ ਪਾਉਣ ਦੀ ਤਿਆਰੀ ਕਰ ਰਿਹਾ ਹੈ। ਕਰਨਲ ਹਾਲ 'ਤੇ ਅਪਰਾਧਿਕ ਮਾਮਲਾ ਵੀ ਦਰਜ ਕੀਤਾ ਗਿਆ ਹੈ। ਹਾਲਾਂਕਿ ਡਿਪਲੋਮੈਟ ਨੂੰ ਉਸ ਦੀ ਕੂਟਨੀਤਕ ਛੋਟ ਦੇ ਕਾਰਨ ਹਿਰਾਸਤ ਵਿਚ ਨਹੀਂ ਲਿਆ ਗਿਆ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਇਸ ਕਾਰਵਾਈ ਦੇ ਜਵਾਬ ਵਿਚ ਹੀ ਅਮਰੀਕਾ ਨੇ ਨਵੀਆਂ ਪਾਬੰਦੀਆਂ ਲਗਾਈਆਂ ਹਨ। ਜਦਕਿ ਵੌਇਸ ਆਫ ਅਮਰੀਕਾ ਦੀ ਖਬਰ ਮੁਤਾਬਕ ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਖਬਰਾਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਪਾਕਿਸਤਾਨੀ ਡਿਪਲੋਮੈਟਾਂ ਦੇ ਅਮਰੀਕਾ ਵਿਚ ਆਉਣ-ਜਾਣ 'ਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਲਗਾਈ ਗਈ ਹੈ।


Related News