ਗ੍ਰੀਨ ਕਾਰਡ ਲਈ ਹੁਣ ਛੱਡਣਾ ਪਵੇਗਾ ਅਮਰੀਕਾ, ਭਾਰਤੀ ਕਰਮਚਾਰੀਆਂ ਦੀ ਵਧੀ ਪ੍ਰੇਸ਼ਾਨੀ!
Wednesday, May 27, 2026 - 04:31 AM (IST)
ਨਵੀਂ ਦਿੱਲੀ – ਅਮਰੀਕਾ ਵਿਚ ਗ੍ਰੀਨ ਕਾਰਡ ਹਾਸਲ ਕਰਨ ਦੀ ਉਮੀਦ ਲਾਈ ਬੈਠੇ ਲੱਖਾਂ ਭਾਰਤੀ ਪ੍ਰਵਾਸੀਆਂ ਦੇ ਸਾਹਮਣੇ ਨਵੀਂ ਮੁਸ਼ਕਲ ਖੜ੍ਹੀ ਹੋ ਗਈ ਹੈ। ਟਰੰਪ ਪ੍ਰਸ਼ਾਸਨ ਦੀ ਨਵੀਂ ਨੀਤੀ ਤਹਿਤ ਜ਼ਿਆਦਾਤਰ ਬਿਨੈਕਾਰਾਂ ਨੂੰ ਹੁਣ ਅਮਰੀਕਾ ਛੱਡ ਕੇ ਵਿਦੇਸ਼ ਤੋਂ ਮੁੜ ਅਪਲਾਈ ਕਰਨਾ ਪੈ ਸਕਦਾ ਹੈ। ਇਸ ਫੈਸਲੇ ਨੇ ਪਰਿਵਾਰ ਅਤੇ ਰੋਜ਼ਗਾਰ ਆਧਾਰਤ ਸਥਾਈ ਨਿਵਾਸ (ਗ੍ਰੀਨ ਕਾਰਡ) ਲਈ ਅਪਲਾਈ ਕਰ ਚੁੱਕੇ ਲੋਕਾਂ ਵਿਚ ਵੱਡੀ ਦੁਚਿੱਤੀ ਪੈਦਾ ਕਰ ਦਿੱਤੀ ਹੈ।
7 ਲੱਖ ਤੋਂ ਵੱਧ ਭਾਰਤੀ ਬੈਕਲੌਗ ’ਚ
ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾਵਾਂ (ਯੂ. ਐੱਸ. ਸੀ. ਆਈ. ਐੱਸ.) ਦੇ ਅੰਕੜਿਆਂ ਮੁਤਾਬਕ ਇਸ ਸਮੇਂ ਲੱਗਭਗ 5 ਲੱਖ 40 ਹਜ਼ਾਰ ਪਰਿਵਾਰ ਆਧਾਰਤ ਅਤੇ ਲੱਗਭਗ 1 ਲੱਖ 70 ਹਜ਼ਾਰ ਰੋਜ਼ਗਾਰ ਆਧਾਰਤ ਗ੍ਰੀਨ ਕਾਰਡ ਅਰਜ਼ੀਆਂ ਪੈਂਡਿੰਗ ਹਨ। ਹਾਲਾਂਕਿ ਮੌਜੂਦਾ ਬੈਕਲੌਗ ਵਿਚ ਭਾਰਤੀਆਂ ਦੀ ਸਹੀ ਗਿਣਤੀ ਸਪਸ਼ਟ ਨਹੀਂ ਪਰ ਭਾਰਤੀ ਸਭ ਤੋਂ ਵੱਡੇ ਬਿਨੈਕਾਰ ਸਮੂਹਾਂ ਵਿਚ ਸ਼ਾਮਲ ਹਨ। ਅਮਰੀਕੀ ਥਿੰਕ ਟੈਂਕ ਕੈਟੋ ਇੰਸਟੀਚਿਊਟ ਦੀ 2022 ਦੀ ਰਿਪੋਰਟ ਅਨੁਸਾਰ 2021 ਵਿਚ ਭਾਰਤੀਆਂ ਦਾ ਗ੍ਰੀਨ ਕਾਰਡ ਬੈਕਲੌਗ 7,19,737 ਸੀ, ਜਿਸ ਨੂੰ ਪੂਰਾ ਕਰਨ ਵਿਚ ਲੱਗਭਗ 90 ਸਾਲ ਲੱਗ ਸਕਦੇ ਹਨ।
ਵਿਦੇਸ਼ ਤੋਂ ਅਪਲਾਈ ਕਰਨ ’ਤੇ ਵਧਣਗੀਆਂ ਮੁਸ਼ਕਲਾਂ
ਨਵੀਂ ਵਿਵਸਥਾ ਲਾਗੂ ਹੋਣ ’ਤੇ ਕਈ ਲੋਕਾਂ ਨੂੰ ਅਮਰੀਕਾ ਛੱਡ ਕੇ ਦੂਜੇ ਦੇਸ਼ ਤੋਂ ਮੁੜ ਅਪਲਾਈ ਕਰਨਾ ਪਵੇਗਾ। ਇਸ ਨਾਲ ਉਨ੍ਹਾਂ ਪਰਿਵਾਰਾਂ ’ਤੇ ਵੱਡਾ ਅਸਰ ਪਵੇਗਾ ਜੋ ਲੰਮੇ ਸਮੇਂ ਤੋਂ ਅਮਰੀਕਾ ਵਿਚ ਰਹਿ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਏ. ਆਈ. ਕਾਰਨ ਪਹਿਲਾਂ ਹੀ ਨੌਕਰੀ ਬਾਜ਼ਾਰ ਵਿਚ ਅਸਥਿਰਤਾ ਵਧੀ ਹੋਈ ਹੈ। ਅਜਿਹੀ ਹਾਲਤ ਵਿਚ ਵਿਦੇਸ਼ ਜਾ ਕੇ ਮੁੜ ਪ੍ਰਕਿਰਿਆ ਸ਼ੁਰੂ ਕਰਨ ਨਾਲ ਬਿਨੈਕਾਰਾਂ ਨੂੰ ਆਰਥਿਕ ਤੇ ਮਾਨਸਿਕ ਦਬਾਅ ਝੱਲਣਾ ਪੈ ਸਕਦਾ ਹੈ।
ਟੈੱਕ ਇੰਡਸਟਰੀ ਨੇ ਜ਼ਾਹਿਰ ਕੀਤੀ ਨਾਰਾਜ਼ਗੀ
ਨਵੀਂ ਨੀਤੀ ਨੂੰ ਲੈ ਕੇ ਅਮਰੀਕੀ ਟੈੱਕ ਇੰਡਸਟਰੀ ਦੇ ਕਈ ਵੱਡੇ ਨਾਵਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਕੋਰਸੇਰਾ ਦੇ ਸਹਿ-ਸੰਸਥਾਪਕ ਐਂਡਰਿਊ ਐੱਨ. ਜੀ. ਨੇ ਇਸ ਨੂੰ ‘ਕਾਨੂੰਨੀ ਇਮੀਗ੍ਰੇਸ਼ਨ ’ਤੇ ਮਨਮਰਜ਼ੀ ਦਾ ਹਮਲਾ’ ਦੱਸਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਡਾਕਟਰਾਂ, ਵਿਗਿਆਨੀਆਂ ਤੇ ਅਧਿਆਪਕਾਂ ਵਰਗੇ ਪ੍ਰਤਿਭਾਸ਼ਾਲੀ ਲੋਕਾਂ ਦੀ ਗਿਣਤੀ ਘਟੇਗੀ ਅਤੇ ਏ. ਆਈ. ਖੇਤਰ ਵਿਚ ਅਮਰੀਕਾ ਦੀ ਮੁਕਾਬਲੇਬਾਜ਼ੀ ਕਮਜ਼ੋਰ ਹੋਵੇਗੀ। ਲਿੰਕਡਇਨ ਦੇ ਸਹਿ-ਸੰਸਥਾਪਕ ਰੀਡ ਹਾਫਮੈਨ ਨੇ ਵੀ ਇਸ ਕਦਮ ਨੂੰ ਟੈੱਕ ਅਤੇ ਬਿਜ਼ਨੈੱਸ ਲਈ ਨੁਕਸਾਨਦੇਹ ਦੱਸਿਆ। ਉੱਥੇ ਹੀ ਵਾਈ ਕਾਂਬੀਨੇਟਰ ਦੇ ਪ੍ਰਧਾਨ ਗੈਰੀ ਟੈਨ ਨੇ ਕਿਹਾ ਕਿ ਅਮਰੀਕਾ ਨੂੰ ਪ੍ਰਤਿਭਾਸ਼ਾਲੀ ਲੋਕਾਂ ਨੂੰ ਬਾਹਰ ਭੇਜਣ ਦੀ ਬਜਾਏ ਰੋਕ ਕੇ ਰੱਖਣਾ ਚਾਹੀਦਾ ਹੈ।
