ਫਰਾਂਸ ’ਚ ਨੇਪਾਲ ਨਾਲੋਂ ਵੀ ਵੱਡਾ ਹੰਗਾਮਾ, ਸਰਕਾਰ ਖਿਲਾਫ ਸੜਕਾਂ ’ਤੇ ਉਤਰੇ 8 ਲੱਖ ਲੋਕ
Friday, Sep 19, 2025 - 09:50 AM (IST)

ਪੈਰਿਸ (ਇੰਟ.)– ਹਾਲ ਹੀ ਵਿਚ ਹੋਏ ਵੱਡੇ ਰੋਸ-ਪ੍ਰਦਰਸ਼ਨਾਂ ਤੋਂ ਬਾਅਦ ਫਰਾਂਸ ’ਚ ਵੀਰਵਾਰ ਨੂੰ ਇਕ ਵਾਰ ਫਿਰ ਲੱਖਾਂ ਲੋਕਾਂ ਨੇ ਇੱਕਜੁਟ ਹੋ ਕੇ ਸਰਕਾਰ ਖਿਲਾਫ ਵਿਸ਼ਾਲ ਰੋਸ-ਪ੍ਰਦਰਸ਼ਨ ਕੀਤਾ। ਬਜਟ ਵਿਚ ਕਟੌਤੀ ਦੇ ਵਿਰੋਧ ’ਚ, ਤਨਖਾਹਾਂ ’ਚ ਵਾਧਾ ਕਰਨ ਅਤੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਲੱਖਾਂ ਲੋਕਾਂ ਨੇ ਸੜਕਾਂ ’ਤੇ ਉਤਰ ਕੇ ਹਿੰਸਕ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸੈਂਕੜੇ ਰੈਲੀਆਂ ਹੋਣ ਕਾਰਨ ਦੇਸ਼ ’ਚ ਟਰਾਂਸਪੋਰਟ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਗ੍ਰਹਿ ਮੰਤਰਾਲੇ ਦੇ ਇਕ ਸੂਤਰ ਨੇ ਦੱਸਿਆ ਕਿ ਹੜਤਾਲਾਂ ਅਤੇ ਪ੍ਰਦਰਸ਼ਨਾਂ ਵਿਚ ਲੱਗਭਗ 8 ਲੱਖ ਲੋਕਾਂ ਨੇ ਹਿੱਸਾ ਲਿਆ। ਦੇਸ਼ ਦੇ ਲੱਗਭਗ ਇਕ ਤਿਹਾਈ ਅਧਿਆਪਕ ਹੜਤਾਲ ’ਤੇ ਹਨ, 10 ਵਿਚੋਂ 9 ਫਾਰਮੇਸੀਆਂ ਬੰਦ ਰਹੀਆਂ ਅਤੇ ਪੈਰਿਸ ਮੈਟਰੋ ਵੀ ਪ੍ਰਭਾਵਿਤ ਹੋਈ।
ਇਹ ਵੀ ਪੜ੍ਹੋ: ਬਾਲੀਵੁੱਡ ਤੋਂ ਸੰਸਦ ਮੈਂਬਰ, ਤੇ ਹੁਣ CM ਬਣੇਗੀ ਕੰਗਨਾ ਰਣੌਤ ! ਦੇ ਦਿੱਤਾ ਵੱਡਾ ਬਿਆਨ
ਵੀਰਵਾਰ ਨੂੰ ਦੇਸ਼ ਭਰ ਦੇ ਅਧਿਆਪਕਾਂ, ਟਰੇਨ ਡਰਾਈਵਰਾਂ, ਫਾਰਮਾਸਿਸਟਾਂ, ਕਿਸਾਨਾਂ ਅਤੇ ਹਸਪਤਾਲ ਸਟਾਫ ਨੇ ਹੜਤਾਲ ਵਿਚ ਹਿੱਸਾ ਲਿਆ। ਵਿਦਿਆਰਥੀ ਵੀ ਰੋਸ-ਪ੍ਰਦਰਸ਼ਨਾਂ ’ਚ ਸ਼ਾਮਲ ਹੋਏ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਵੱਖ-ਵੱਖ ਥਾਵਾਂ ’ਤੇ 20 ਤੋਂ ਵੱਧ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਸਥਿਤੀ ਨੂੰ ਸੰਭਾਲਣ ਲਈ ਦੇਸ਼ ਭਰ ’ਚ 80,000 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜੋ ਭੀੜ ਨੂੰ ਕੰਟਰੋਲ ਕਰਨ ਲਈ ਡਰੋਨ, ਬਖਤਰਬੰਦ ਵਾਹਨਾਂ ਅਤੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕਰ ਰਹੇ ਹਨ।
44 ਬਿਲੀਅਨ ਯੂਰੋ ਦੇ ਬਜਟ ਖਰੜੇ ਨੂੰ ਲੈ ਕੇ ਭੜਕੇ ਲੋਕ
ਜ਼ਿਕਰਯੋਗ ਹੈ ਕਿ ਨਵੇਂ ਫਰਾਂਸੀਸੀ ਪ੍ਰਧਾਨ ਮੰਤਰੀ ਲੇਕੋਰਨੂ ਨੇ ਪਿਛਲੇ ਹਫ਼ਤੇ ਹੀ ਸਹੁੰ ਚੁੱਕੀ ਸੀ ਅਤੇ ਚੱਲ ਰਹੇ ਸਿਆਸੀ ਸੰਕਟ ਦਾ ਹੱਲ ਲੱਭਣ ਦਾ ਵਾਅਦਾ ਕੀਤਾ ਸੀ। ਹਾਲਾਂਕਿ ਟਰੇਡ ਯੂਨੀਅਨਾਂ ਅਤੇ ਖੱਬੇ-ਪੱਖੀ ਪਾਰਟੀਆਂ ਉਨ੍ਹਾਂ ਦੀ ਨਿਯੁਕਤੀ ਤੋਂ ਨਾਖੁਸ਼ ਹਨ। ਲੇਕੋਰਨੂ ਵੱਲੋਂ ਪ੍ਰਧਾਨ ਮੰਤਰੀ ਦੇ ਜੀਵਨ ਭਰ ਭੱਤੇ ਨੂੰ ਖਤਮ ਕਰਨ ਅਤੇ 2 ਜਨਤਕ ਛੁੱਟੀਆਂ ਨੂੰ ਰੱਦ ਕਰਨ ਦੀਆਂ ਯੋਜਨਾਵਾਂ ਨੂੰ ਵਾਪਸ ਲੈਣ ਦੇ ਵਾਅਦਿਆਂ ਦੇ ਬਾਵਜੂਦ ਲੋਕ ਅਜੇ ਵੀ ਸਾਬਕਾ ਪ੍ਰਧਾਨ ਮੰਤਰੀ ਫਰਾਂਸਵਾ ਬੇਰੂ ਦੇ 44 ਬਿਲੀਅਨ ਯੂਰੋ ਦੇ ਬਜਟ ਖਰੜੇ ਨੂੰ ਲੈ ਕੇ ਗੁੱਸੇ ’ਚ ਹਨ ਅਤੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ।
ਫਰਾਂਸ ’ਚ 2 ਸਾਲਾਂ ’ਚ ਬਦਲੇ 5 ਪ੍ਰਧਾਨ ਮੰਤਰੀ
ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਦੇ ਕਰੀਬੀ ਅਤੇ ਸਾਬਕਾ ਰੱਖਿਆ ਮੰਤਰੀ ਲੇਕੋਰਨੂ ਪਿਛਲੇ 2 ਸਾਲਾਂ ’ਚ ਪੰਜਵੇਂ ਪ੍ਰਧਾਨ ਮੰਤਰੀ ਹਨ। ਉਹ ਇਕ ਸਾਲ ਤੋਂ ਵੀ ਘੱਟ ਸਮੇਂ ’ਚ ਦੇਸ਼ ਦੇ ਚੌਥੇ ਪ੍ਰਧਾਨ ਮੰਤਰੀ ਹਨ। ਅਜਿਹੀ ਸਥਿਤੀ ’ਚ ਸਿਆਸੀ ਅਸਥਿਰਤਾ ਸਥਿਤੀ ਨੂੰ ਬੇਕਾਬੂ ਬਣਾ ਰਹੀ ਹੈ। ਬਜਟ ਹਮੇਸ਼ਾ ਫਰਾਂਸੀਸੀ ਰਾਜਨੀਤੀ ਵਿਚ ਟਕਰਾਅ ਦਾ ਇਕ ਵੱਡਾ ਕਾਰਨ ਬਣਿਆ ਹੈ। ਹਰ ਸਾਲ ਇਸ ਦੇ ਜ਼ਰੀਏ ਤੈਅ ਹੁੰਦਾ ਹੈ ਕਿ ਸਰਕਾਰ ਕਿਨ੍ਹਾਂ ਖੇਤਰਾਂ ’ਤੇ ਖਰਚ ਵਧਾਏਗੀ ਅਤੇ ਕਿੱਥੇ ਕਟੌਤੀ ਕਰੇਗੀ ਅਤੇ ਇਹੀ ਸੱਤਾ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਵਿਵਾਦ ਦਾ ਕਾਰਨ ਬਣਦਾ ਹੈ।
ਇਹ ਵੀ ਪੜ੍ਹੋ: ਹਵਾ ਵਿਚਾਲੇ ਹੋਣ ਲੱਗੀ ਸੀ ਟਰੰਪ ਦੇ ਜਹਾਜ਼ ਦੀ ਟੱਕਰ ! ਵਾਲ-ਵਾਲ ਬਚੀ ਜਾਨ, ਏਜੰਸੀਆਂ ਅਲਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8