ਨੋਵਾਵੈਕਸ : ਵੱਡੇ ਅਧਿਐਨ ''ਚ ਐਂਟੀ ਕੋਵਿਡ-19 ਟੀਕਾ 90 ਫੀਸਦੀ ਅਸਰਦਾਰ

Monday, Jun 14, 2021 - 07:31 PM (IST)

ਵਾਸ਼ਿੰਗਟਨ (ਭਾਸ਼ਾ): ਟੀਕਾ ਨਿਰਮਾਤਾ 'ਨੋਵਾਵੈਕਸ' ਨੇ ਸੋਮਵਾਰ ਨੂੰ ਕਿਹਾ ਕਿ ਉਸ ਦਾ ਟੀਕਾ ਕੋਵਿਡ-19 ਖ਼ਿਲਾਫ਼ ਬਹੁਤ ਜ਼ਿਆਦਾ ਪ੍ਰਭਾਵੀ ਹੈ ਅਤੇ ਇਹ ਵਾਇਰਸ ਦੇ ਸਾਰੇ ਵੈਰੀਐਂਟਾਂ ਖ਼ਿਲਾਫ਼ ਸੁਰੱਖਿਆ ਪ੍ਰਦਾਨ ਕਰਦਾ ਹੈ। ਇਹ ਗੱਲ ਅਮਰੀਕਾ ਅਤੇ ਮੈਕਸੀਕੋ ਵਿਚ ਕੀਤੇ ਗਏ ਵੱਡੇ ਅਤੇ ਆਖਰੀ ਪੜਾਅ ਦੇ ਅਧਿਐਨ ਵਿਚ ਸਾਹਮਣੇ ਆਈ ਹੈ। ਕੰਪਨੀ ਨੇ ਕਿਹਾ ਕਿ ਟੀਕਾ ਕੁੱਲ ਮਿਲਾ ਕੇ 90 ਫੀਸਦੀ ਅਸਰਦਾਰ ਹੈ ਅਤੇ ਸ਼ੁਰੂਆਤੀ ਅੰਕੜੇ ਦੱਸਦੇ ਹਨ ਕਿ ਇਹ ਸੁਰੱਖਿਅਤ ਹੈ। ਭਾਵੇਂਕਿ ਅਮਰੀਕਾ ਵਿਚ ਐਂਟੀ ਕੋਵਿਡ-19 ਟੀਕਿਆਂ ਦੀ ਮੰਗ ਵਿਚ ਕਮੀ ਆਈ ਹੈ ਪਰ ਦੁਨੀਆ ਭਰ ਵਿਚ ਜ਼ਿਆਦਾ ਟੀਕਿਆਂ ਦੀ ਲੋੜ ਬਣੀ ਹੋਈ ਹੈ।

ਨੋਵਾਵੈਕਸ ਟੀਕੇ ਨੂੰ ਰੱਖਣਾ ਅਤੇ ਲਿਜਾਣਾ ਆਸਾਨ ਹੈ ਅਤੇ ਆਸ ਕੀਤੀ ਜਾ ਰਹੀ ਹੈ ਕਿ ਇਹ ਵਿਕਾਸਸ਼ੀਲ ਦੇਸ਼ਾਂ ਵਿਚ ਟੀਕੇ ਦੀ ਸਪਲਾਈ ਨੂੰ ਵਧਾਉਣ ਵਿਚ ਅਹਿਮ ਰੋਲ ਨਿਭਾਏਗਾ। ਕੰਪਨੀ ਨੇ ਕਿਹਾ ਕਿ ਉਸ ਦੀ ਯੋਜਨਾ ਸਤੰਬਰ ਦੇ ਅਖੀਰ ਤੱਕ ਅਮਰੀਕਾ, ਯੂਰਪ ਅਤੇ ਹੋਰ ਥਾਵਾਂ 'ਤੇ ਟੀਕੇ ਦੀ ਵਰਤੋਂ ਲਈ ਮਨਜ਼ੂਰੀ ਲੈਣ ਦੀ ਹੈ। ਉਦੋਂ ਤੱਕ ਉਹ ਇਕ ਮਹੀਨੇ ਵਿਚ 10 ਕਰੋੜ ਖੁਰਾਕਾਂ ਦਾ ਉਤਪਾਦਨ ਕਰਨ ਵਿਚ ਸਮਰੱਥ ਹੋਵੇਗੀ। ਨੋਵਾਵੈਕਸ ਦੇ ਮੁੱਖ ਕਾਰਜਕਾਰੀ ਸਟੇਨਲੀ ਏਰਕ ਨੇ ਏ.ਪੀ. ਨੂੰ ਕਿਹਾ,''ਸਾਡੀਆਂ ਸ਼ੁਰੂਆਤੀ ਕਈ ਖੁਰਾਕਾਂ ਹੇਠਲੇ ਅਤੇ ਮੱਧ ਆਮਦਨ ਵਾਲੇ ਦੇਸ਼ਾਂ ਵਿਚ ਜਾਣਗੀਆਂ।'' 'ਆਵਰ ਵਰਲਡ ਇਨ ਡਾਟਾ' ਮੁਤਾਬਕ ਅਮਰੀਕਾ ਦੀ ਅੱਧੀ ਤੋਂ ਵੱਧ ਆਬਾਦੀ ਐਂਟੀ ਕੋਵਿਡ ਟੀਕੇ ਦੀ ਘੱਟੋ-ਘੱਟ ਖੁਰਾਕ ਲੈ ਚੁੱਕੀ ਹੈ ਜਦਕਿ ਵਿਕਾਸਸ਼ੀਲ ਦੇਸ਼ਾਂ ਵਿਚ ਇਕ ਫੀਸਦੀ ਤੋਂ ਵੀ ਘੱਟ ਲੋਕਾਂ ਨੇ ਟੀਕੇ ਦੀ ਇਕ ਖੁਰਾਕ ਲਈ ਹੈ। 

ਪੜ੍ਹੋ ਇਹ ਅਹਿਮ ਖਬਰ -ਵਿਗਿਆਨੀਆਂ ਦੀ ਚਿਤਾਵਨੀ, ਏਲੀਅਨਜ਼ ਨਾਲ ਸੰਪਰਕ ਕਰਨ 'ਤੇ ਇਨਸਾਨੀ ਜੀਵਨ ਖ਼ਤਮ ਹੋਣ ਦਾ ਖਦਸ਼ਾ

ਨੋਵਾਵੈਕਸ ਦੇ ਅਧਿਐਨ ਵਿਚ ਅਮਰੀਕਾ ਅਤੇ ਮੈਕਸੀਕੋ ਵਿਚ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਕਰੀਬ 30,000 ਲੋਕ ਸ਼ਾਮਲ ਸਨ। ਉਹਨਾਂ ਵਿਚੋ ਦੋ ਤਿਹਾਈ ਨੂੰ ਤਿੰਨ ਹਫ਼ਤਿਆਂ ਦੇ ਅੰਤਰਾਲ 'ਤੇ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਜਦਕਿ ਬਾਕੀ ਨੂੰ ਅਪ੍ਰਭਾਵੀ (ਡਮੀ) ਟੀਕਾ ਦਿੱਤਾ ਗਿਆ। ਕੋਵਿਡ-19 ਦੇ 77 ਮਾਮਲੇ ਆਏ ਜਿਹਨਾਂ ਵਿਚੋਂ 14 ਉਸ ਸਮੂਹ ਨਾਲ ਸਬੰਧਤ ਸਨ ਜਿਹਨਾਂ ਨੂੰ ਟੀਕਾ ਦਿੱਤਾ ਗਿਆ ਜਦਕਿ ਬਾਕੀ ਮਾਮਲੇ ਉਹਨਾਂ ਵਿਚ ਸਨ ਜਿਹਨਾਂ ਨੂੰ ਡਮੀ ਟੀਕਾ ਦਿੱਤਾ ਗਿਆ ਸੀ। ਟੀਕਾ ਲਗਵਾਉਣ ਵਾਲੇ ਸਮੂਹ ਵਿਚੋਂ ਕਿਸੇ ਨੂੰ ਵੀ ਬੀਮਾਰੀ ਮੱਧਮ ਜਾਂ ਗੰਭੀਰ ਪੱਧਰ 'ਤੇ ਨਹੀਂ ਪਹੁੰਚੀ। ਟੀਕਾ ਵਾਇਰਸ ਦੇ ਕਈ ਵੈਰੀਐਂਟਾਂ 'ਤੇ ਅਸਰਦਾਰ ਰਿਹਾ ਜਿਹਨਾਂ ਵਿਚ ਬ੍ਰਿਟੇਨ ਵਿਚ ਸਾਹਮਣੇ ਆਇਆ ਵੈਰੀਐਂਟ ਵੀ ਸ਼ਾਮਲ ਹੈ ਜੋ ਅਮਰੀਕਾ ਵਿਚ ਕਾਫੀ ਫੈਲਿਆ ਹੈ। ਨਾਲ ਹੀ ਇਹ ਟੀਕਾ ਉੱਚ ਖਤਰੇ ਵਾਲੇ ਸਮੂਹ 'ਤੇ ਵੀ ਪ੍ਰਭਾਵੀ ਰਿਹਾ ਜਿਹਨਾਂ ਵਿਚ ਬਜ਼ੁਰਗ ਅਤੇ ਸਿਹਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਲੋਕ ਸ਼ਾਮਲ ਹਨ। 

ਪੜ੍ਹੋ ਇਹ ਅਹਿਮ ਖਬਰ-  ਵਿਦਿਆਰਥੀਆਂ ਲਈ ਵੱਡੀ ਖ਼ਬਰ, ਅਮਰੀਕਾ ਨੇ ਖ਼ਤਮ ਕੀਤੀ 'ਟੀਕਾ ਸਰਟੀਫਿਕੇਟ' ਦੀ ਸ਼ਰਤ

ਏਰਕ ਨੇ ਕਿਹਾ ਕਿ ਇਸ ਦੇ ਮਾੜੇ ਪ੍ਰਭਾਵ ਜ਼ਿਆਦਾਤਰ ਮਾਮੂਲੀ ਸਨ ਅਤੇ ਟੀਕੇ ਲੱਗਣ ਵਾਲੀ ਜਗ੍ਹਾ 'ਤੇ ਦਰਦ ਹੋਇਆ। ਖੂਨ ਦੇ ਥੱਕੇ ਜੰਮਣ ਜਾਂ ਦਿਲ ਦੀ ਸਮੱਸਿਆ ਦਾ ਪਤਾ ਨਹੀਂ ਚੱਲਿਆ। ਨੋਵਾਵੈਕਸ ਨੇ ਨਤੀਜੇ ਪ੍ਰੈੱਸ ਬਿਆਨ ਵਿਚ ਦੱਸੇ  ਹਨ ਅਤੇ ਉਸੀ ਦੀ ਯੋਜਨਾ ਇਸ ਨੂੰ ਮੈਡੀਕਲ ਜਨਰਲ ਵਿਚ ਪ੍ਰਕਾਸ਼ਿਤ ਕਰਨ ਦੀ ਹੈ ਜਿੱਥੇ ਸੁਤੰਤਰ ਮਾਹਰ ਇਸ ਦੀ ਜਾਂਚ ਕਰਨਗੇ। ਕੋਵਿਡ-19 ਟੀਕਾ ਸਰੀਰ ਨੂੰ ਕੋਰੋਨਾ ਵਾਇਰਸ ਪਛਾਨਣ, ਖਾਸ ਕਰ ਕੇ ਇਸ ਨੂੰ ਢੱਕਣ ਵਾਲੇ ਸਪਾਇਕ ਪ੍ਰੋਟੀਨ ਦੀ ਪਛਾਣ ਕਰਨ ਲਈ ਸਿਖਿਅਤ ਕਰਦਾ ਹੈ ਅਤੇ ਸਰੀਰ ਨੂੰ ਵਾਇਰਸ ਨਾਲ ਲੜਨ ਲਈ ਤਿਆਰ ਕਰਦਾ ਹੈ। ਨੋਵਾਵੈਕਸ ਪ੍ਰਯੋਗਸ਼ਾਲਾ ਵਿਚ ਬਣਾਏ ਗਏ ਉਸ ਪ੍ਰੋਟੀਨ ਦੀਆਂ ਕਾਪੀਆਂ ਤੋਂ ਤਿਆਰ ਕੀਤਾ ਗਿਆ ਹੈ ਅਤੇ ਹਾਲੇ ਵੱਡੇ ਪੱਧਰ 'ਤੇ ਵਰਤੇ ਜਾ ਰਹੇ ਕੁਝ ਹੋਰ ਟੀਕਿਆਂ ਤੋਂ ਵੱਖ ਹੈ। ਨੋਵਾਵੈਕਸ ਟੀਕੇ ਨੂੰ ਫਰਿਜ਼ ਦੇ ਮਿਆਰੀ ਤਾਪਮਾਨ 'ਤੇ ਰੱਖਿਆ ਜਾ ਸਕਦਾ ਹੈ ਅਤੇ ਇਹ ਵੰਡਣਾ ਸੌਖਾ ਹੈ।
 


Vandana

Content Editor

Related News