ਆਸਟ੍ਰੇਲੀਆ ’ਚ ਹਿਰਾਸਤ ’ਚ ਲਏ ਗਏ ਟੈਨਿਸ ਸਟਾਰ ਨੋਵਾਕ ਜੋਕੋਵਿਚ, ਸਰਕਾਰ ਨੇ ਦੱਸਿਆ ਦੇਸ਼ ਲਈ ਖ਼ਤਰਾ
Saturday, Jan 15, 2022 - 09:35 AM (IST)
ਕੈਨਬਰਾ (ਵਾਰਤਾ) : ਆਸਟ੍ਰੇਲੀਆਈ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਟੈਨਿਸ ਸਟਾਰ ਨੋਵਾਕ ਜੋਕੋਵਿਚ ਨੂੰ ਐਤਵਾਰ ਨੂੰ ਅਦਾਲਤ ਦੀ ਸੁਣਵਾਈ ਤੋਂ ਪਹਿਲਾਂ ਹਿਰਾਸਤ ਵਿਚ ਲਿਆ ਤਾਂ ਕਿ ਇਹ ਨਿਰਧਾਰਤ ਕੀਤਾ ਜਾ ਸਕੇ ਕਿ ਉਹ ਦੇਸ਼ ਵਿਚ ਬਿਨਾਂ ਟੀਕਾਕਰਨ ਦੇ ਰਹਿ ਸਕਦੇ ਹਨ ਜਾਂ ਉਨ੍ਹਾਂ ਨੂੰ ਦੇਸ਼ ਵਿਚੋਂ ਕੱਢ ਦਿੱਤਾ ਜਾਏਗਾ। ਬੀ.ਬੀ.ਸੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਬੀ.ਬੀ.ਸੀ ਮੁਤਾਬਕ ਇਸ ਫ਼ੈਸਲੇ ਦਾ ਮਤਲਬ ਹੈ ਕਿ ਨੰਬਰ ਇਕ ਟੈਨਿਸ ਖਿਡਾਰੀ ਨੂੰ ਹੁਣ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਹ ਹਾਲਾਂਕਿ ਅਜੇ ਵੀ ਆਸਟ੍ਰੇਲੀਆ ਵਿਚ ਰਹਿਣ ਲਈ ਇਕ ਹੋਰ ਕਾਨੂੰਨੀ ਚੁਣੌਤੀ ਦੇ ਸਕਦੇ ਹਨ।
ਇਹ ਵੀ ਪੜ੍ਹੋ: ਪਾਕਿਸਤਾਨ ’ਚ ਅਗਵਾ ਦੇ ਮਾਮਲੇ ’ਚ 5 ਨੂੰ ਸੁਣਾਈ ਗਈ ਮੌਤ ਦੀ ਸਜ਼ਾ
ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ 34 ਸਾਲਾ ਸਰਬੀਆਈ ਜੋਕੋਵਿਚ ਦਾ ਸ਼ੁੱਕਰਵਾਰ ਨੂੰ ਦੂਜੀ ਵਾਰ ਵੀਜ਼ਾ ਰੱਦ ਕਰਨ ਦੇ ਬਾਅਦ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਿਆ, ਜਦੋਂ ਆਸਟ੍ਰੇਲੀਆਈ ਸਰਕਾਰ ਨੇ ਉਨ੍ਹਾਂ ਨੂੰ ਕੋਰੋਨਾ ਟੀਕਾ ਨਾ ਲਵਾਉਣ ’ਤੇ ਜਨਤਾ ਲਈ ਖ਼ਤਰਾ ਕਰਾਰ ਦਿੱਤਾ। ਫਿਲਹਾਲ ਅਜੇ ਜੋਕੋਵਿਚ ਦਾ ਸੋਮਵਾਰ ਨੂੰ ਆਸਟ੍ਰੇਲੀਅਨ ਓਪਨ ਵਿਚ ਖੇਡਣਾ ਤੈਅ ਹੈ। ਉਨ੍ਹਾਂ ਦੇ ਵਕੀਲਾਂ ਨੇ ਇਕ ‘ਤਰਕਹੀਨ’ ਫ਼ੈਸਲੇ ਖ਼ਿਲਾਫ਼ ਅਪੀਲ ਦਾਇਰ ਕਰਨ ਦਾ ਫ਼ੈਸਲਾ ਕੀਤਾ ਹੈ। ਜੋਕੋਵਿਚ ’ਤੇ ਅਗਲੀ ਸੁਣਵਾਈ ਐਤਵਾਰ ਨੂੰ ਸਥਾਨਕ ਸਮੇਂ ਮੁਤਾਬਕ 9:30 ਵਜੇ ਹੋਵੇਗੀ। ਜੇਕਰ ਉਹ ਅਪੀਲ ਹਾਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਦੇਸ਼ ਨਿਕਾਲੇ ਅਤੇ 3 ਸਾਲ ਦੇ ਵੀਜ਼ਾ ਰੱਦ ਕਰਨ ਦਾ ਸਾਹਮਣਾ ਕਰਨਾ ਪਵੇਗਾ। ਜੇਕਰ ਜੋਕੋਵਿਚ ਨੂੰ ਦੇਸ਼ ਵਿਚ ਰਹਿਣ ਦਿੱਤਾ ਜਾਂਦਾ ਹੈ ਅਤੇ ਉਹ 10ਵੀਂ ਵਾਰ ਟੂਰਨਾਮੈਂਟ ਜਿੱਤਦੇ ਹਨ ਤਾਂ ਉਹ ਖੇਡ ਦੇ ਇਤਿਹਾਸ ਵਿਚ ਸਭ ਤੋਂ ਸਫ਼ਲ ਪੁਰਸ਼ ਟੈਨਿਸ ਖਿਡਾਰੀ ਬਣ ਜਾਣਗੇ।
ਇਹ ਵੀ ਪੜ੍ਹੋ: ਕੀ ਓਮੀਕਰੋਨ ਖ਼ਿਲਾਫ਼ ਅਸਰਦਾਸ ਸਿੱਧ ਹੋਣਗੀਆਂ ਇਹ 2 ਦਵਾਈਆਂ? WHO ਨੇ ਕੀਤੀ ਸਿਫ਼ਾਰਿਸ਼
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।