ਯੂ. ਕੇ. : ਮਹਿਮਾਨਾਂ ਨੂੰ ਲੁਕੋ ਕੇ ਰੱਖਣ ਕਰਕੇ ਨੌਟਿੰਘਮ ''ਚ ਵਿਦਿਆਰਥੀਆਂ ਨੂੰ ਹੋਇਆ ਮੋਟਾ ਜੁਰਮਾਨਾ

10/22/2020 7:36:35 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ 'ਤੇ ਕਾਬੂ ਪਾਉਣ ਲਈ ਸਰਕਾਰ ਵੱਲੋਂ ਕਾਫੀ ਨਿਯਮ ਬਣਾਏ ਗਏ ਹਨ ਜਿਹੜੇ ਕਿ ਲਾਗ ਨੂੰ ਘੱਟ ਕਰਨ ਲਈ ਮਹੱਤਵਪੂਰਨ ਹਨ। 

ਨਵੇਂ ਨਿਯਮਾਂ ਅਧੀਨ ਸਰਕਾਰ ਸਮੂਹਾਂ ਵਿਚ ਪਾਰਟੀ ਕਰਨ ਤੋਂ ਵੀ ਲੋਕਾਂ ਨੂੰ ਵਰਜਦੀ ਹੈ ਪਰ ਕੁਝ ਲੋਕ ਇਨ੍ਹਾਂ ਨਿਯਮਾਂ ਨੂੰ ਟਿੱਚ ਜਾਣਦੇ ਹਨ। ਇਸ ਦੀ ਤਾਜ਼ਾ ਮਿਸਾਲ ਨੌਟਿੰਘਮ ਵਿਚ ਮਿਲੀ ਹੈ, ਜਿੱਥੇ ਦਰਜਨਾਂ ਮਹਿਮਾਨਾਂ ਨਾਲ ਹਾਊਸ ਪਾਰਟੀ ਦੀ ਮੇਜ਼ਬਾਨੀ ਕਰਨ ਤੋਂ ਬਾਅਦ ਚਾਰ ਵਿਦਿਆਰਥੀਆਂ ਵਿੱਚੋਂ ਹਰੇਕ ਨੂੰ 10,000 ਪੌਂਡ (ਕੁੱਲ 40000) ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਮਾਮਲੇ ਵਿਚ ਤੀਜੇ ਸਾਲ ਦੇ ਵਿਦਿਆਰਥੀਆਂ ਨੂੰ ਨੌਟਿੰਘਮ ਟ੍ਰੇਂਟ ਯੂਨੀਵਰਸਿਟੀ ਤੋਂ ਵੀ ਮੁਅੱਤਲ ਕਰ ਦਿੱਤਾ ਗਿਆ ਹੈ ਕਿਉਂਕਿ ਉਨ੍ਹਾਂ ਨੇ ਸ਼ਹਿਰ ਦੇ ਲੈਂਟਨ ਖੇਤਰ ਦੇ ਘਰ ਵਿੱਚ ਸਮੂਹ ਵਿਚ ਪਾਰਟੀ ਕੀਤੀ ਸੀ। 

ਪੁਲਸ ਅਨੁਸਾਰ ਉਨ੍ਹਾਂ ਦੇ ਉੱਥੇ ਪਹੁੰਚਣ 'ਤੇ ਸਾਰੇ ਮਹਿਮਾਨ ਘਰ ਛੱਡ ਗਏ ਸਨ ਪਰ ਤਲਾਸ਼ੀ ਤੋਂ ਬਾਅਦ ਉਨ੍ਹਾਂ ਨੂੰ 30 ਤੋਂ ਜ਼ਿਆਦਾ ਲੋਕ ਰਸੋਈ, ਬੈੱਡਰੂਮ ਅਤੇ ਬੇਸਮੈਂਟ ਵਿਚ ਲੁਕੇ ਹੋਏ ਮਿਲੇ। ਸਹਾਇਕ ਚੀਫ ਕਾਂਸਟੇਬਲ ਕੇਟ ਮੇਨੇਲ ਅਨੁਸਾਰ ਬਹੁਤੇ ਵਿਦਿਆਰਥੀ ਨਿਯਮਾਂ ਦੀ ਪਾਲਣਾ ਕਰ ਰਹੇ ਹਨ ਪਰ ਉਨ੍ਹਾਂ ਦੀ ਇਕ ਵੱਡੀ ਗਿਣਤੀ ਨਿਯਮਾਂ ਨੂੰ ਨਾ ਮੰਨ ਕੇ ਹੋਰਾਂ ਦੀ ਜਾਨ ਵੀ ਖਤਰੇ ਵਿਚ ਪਾ ਰਹੀ ਹੈ। ਇਸ ਲਈ ਇਸ ਸਮੇਂ ਸਖਤਾਈ ਦੀ ਬਹੁਤ ਜ਼ਰੂਰਤ ਹੈ। ਇਸ ਸੰਬੰਧ ਵਿੱਚ ਯੂਨੀਵਰਸਿਟੀ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਕਿਸੇ ਵੀ ਉਲੰਘਣਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਿਯਮ ਤੋੜਨ 'ਤੇ ਅਨੁਸ਼ਾਸਨੀ ਪ੍ਰਕਿਰਿਆਵਾਂ ਤਹਿਤ ਤੁਰੰਤ ਕਾਰਵਾਈ ਵੀ ਹੋਵੇਗੀ।


Sanjeev

Content Editor

Related News