ਬਾਈਡੇਨ ਨੂੰ ਚੁਣੌਤੀ, ਕਿਮ ਜੋਂਗ ਬੋਲੇ- 'ਅਮਰੀਕਾ ਸਾਡਾ ਸਭ ਤੋਂ ਵੱਡਾ ਦੁਸ਼ਮਣ'
Saturday, Jan 09, 2021 - 01:54 PM (IST)
ਸਿਓਲ- 20 ਜਨਵਰੀ, 2021 ਨੂੰ ਬਾਈਡੇਨ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਜਾ ਰਹੇ ਹਨ। ਇਸ ਵਿਚਕਾਰ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨੇ ਸ਼ਨੀਵਾਰ ਨੂੰ ਧਮਕੀ ਦਿੰਦੇ ਹੋਏ ਕਿਹਾ, '' ਅਮਰੀਕਾ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ।''
ਕਿਮ ਨੇ ਦੇਸ਼ ਵਿਚ ਵਧੇਰੇ ਪ੍ਰਮਾਣੂ ਹਥਿਆਰਾਂ ਨੂੰ ਵਿਕਸਤ ਕਰਨ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਵ੍ਹਾਈਟ ਹਾਊਸ ਵਿਚ ਕੋਈ ਵੀ ਪਹੁੰਚੇ, ਵਾਸ਼ਿੰਗਟਨ ਦੀਆਂ ਦੁਸ਼ਮਣ ਨੀਤੀਆਂ ਨਹੀਂ ਬਦਲਣ ਵਾਲੀਆਂ। ਕਿਮ ਨੇ ਕਿਹਾ ਕਿ ਅਮਰੀਕਾ ਦੀ ਵਿਚਾਰਧਾਰਾ ਤੇ ਉੱਤਰੀ ਕੋਰੀਆ ਪ੍ਰਤੀ ਨੀਤੀਆਂ ਕਦੇ ਨਹੀਂ ਬਦਲੀਆਂ। ਜੋਂਗ ਨੇ ਕਿਹਾ ਕਿ ਜੇਕਰ ਅਮਰੀਕਾ ਸ਼ਾਂਤੀਪੂਰਵਕ ਸਬੰਧ ਚਾਹੁੰਦਾ ਹੈ ਤਾਂ ਉਸ ਨੂੰ ਇਨ੍ਹਾਂ ਨੀਤੀਆਂ ਨੂੰ ਛੱਡਣਾ ਹੋਵੇਗਾ।
ਉੱਤਰੀ ਕੋਰੀਆ ਦੇ ਤਾਨਾਸ਼ਾਹ ਨੇ ਹਾਈਪਰਸੋਨਿਕ ਹਥਿਆਰਾਂ, ਸੋਲਿਡ-ਫਿਊਲ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲਾਂ (ਆਈ. ਸੀ. ਬੀ. ਐੱਮਜ਼.), ਜਾਸੂਸ ਉਪਗ੍ਰਹਿ ਅਤੇ ਡਰੋਨਜ਼ ਨੂੰ ਵਿਕਸਤ ਕਰਨ ਦੀ ਗੱਲ ਕਹਿੰਦੇ ਹੋਏ ਕਿਹਾ ਕਿ ਅਸੀਂ ਆਪਣੇ ਪ੍ਰਮਾਣੂ ਹਥਿਆਰਾਂ ਦੀ ਦੁਰਵਰਤੋਂ ਨਹੀਂ ਕਰਾਂਗੇ ਪਰ ਪ੍ਰਮਾਣੂ ਅਸਲਾ ਵਧਾ ਰਹੇ ਹਾਂ, ਤਾਂ ਜੋ ਜਵਾਬ ਦੇਣ ਲਈ ਸਮਰੱਥ ਰਹੀਏ। ਉਨ੍ਹਾਂ ਕਿਹਾ ਕਿ ਉੱਤਰ ਕੋਰੀਆ ਵੱਖ-ਵੱਖ ਨਵੇਂ ਹਥਿਆਰਾਂ ਦੇ ਟੈਸਟ ਅਤੇ ਉਤਪਾਦਨ ਦੀ ਤਿਆਰੀ ਕਰ ਰਿਹਾ ਹੈ, ਜਿਸ ਵਿਚ ਮਲਟੀ-ਵਾਰਹੈੱਡ ਰਾਕੇਟ ਅਤੇ ਨਵੀਂ ਕਿਸਮ ਦੇ ਬੈਲਿਸਟਿਕ ਰਾਕੇਟਾਂ ਲਈ ਸੁਪਰਸੋਨਿਕ ਗਲਾਈਡਿੰਗ ਫਲਾਈਟ ਵਾਰਹੈੱਡ ਸ਼ਾਮਲ ਹਨ, ਜਦੋਂ ਕਿ ਪ੍ਰਮਾਣੂ ਪਣਡੁੱਬੀ ਲਈ ਰਿਸਰਚ ਲਗਭਗ ਮੁਕੰਮਲ ਹੋ ਗਈ ਹੈ।
ਪਯੋਂਗਯਾਂਗ ਵਿਚ 8ਵੀਂ ਵਰਕਰਜ਼ ਪਾਰਟੀ ਕਾਂਗਰਸ ਲਈ ਇਕੱਤਰ ਹੋਏ ਰਾਜਨੀਤਕ ਨੇਤਾਵਾਂ ਨੂੰ ਸੰਬੋਧਨ ਵਿਚ ਕਿਮ ਨੇ ਇਹ ਟਿੱਪਣੀਆਂ ਕੀਤੀਆਂ। ਗੌਰਤਲਬ ਹੈ ਕਿ ਕਿਮ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਤਿੰਨ ਮੁਲਾਕਾਤਾਂ ਹੋਈਆਂ ਸਨ ਪਰ ਪ੍ਰਮਾਣੂ ਸਮਝੌਤੇ 'ਤੇ ਗੱਲ ਨਹੀਂ ਬਣ ਸਕੀ। ਉੱਥੇ ਹੀ, ਬਾਈਡੇਨ ਨੇ ਅਕਤੂਬਰ ਵਿਚ ਕਿਹਾ ਸੀ ਕਿ ਉਹ ਕਿਮ ਨੂੰ ਸਿਰਫ਼ ਇਸ ਸ਼ਰਤ 'ਤੇ ਮਿਲਣਗੇ ਕਿ ਉੱਤਰੀ ਕੋਰੀਆ ਆਪਣੀ ਪ੍ਰਮਾਣੂ ਸਮਰੱਥਾ ਘਟਾਉਣ ਲਈ ਸਹਿਮਤ ਹੋਵੇ। ਇਸ ਦੇ ਉਲਟ ਕਿਮ ਦਾ ਐਲਾਨ ਅਮਰੀਕਾ ਨਾਲ ਹੋਰ ਖਟਾਸ ਪੈਦਾ ਕਰ ਸਕਦਾ ਹੈ।