ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਦੇ ਸਾਹਮਣੇ ਸ਼ਰਤਾਂ ਨਾਲ ਗੱਲਬਾਤ ਦਾ ਰੱਖਿਆ ਪ੍ਰਸਤਾਵ
Saturday, Sep 25, 2021 - 04:42 PM (IST)
ਸਿਓਲ (ਭਾਸ਼ਾ)- ਉੱਤਰ ਕੋਰੀਆਈ ਨੇਤਾ ਕਿਮ ਜੋਂਗ ਅਤੇ ਉਨ੍ਹਾਂ ਦੀ ਭੈਣ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੱਖਣੀ ਕੋਰੀਆ ਜੇਕਰ ਦੁਸ਼ਮਣੀ ਵਾਲੀਆਂ ਨੀਤੀਆਂ ਅਤੇ ਦੋਹਰੇ ਮਾਪਦੰਡਾਂ ਨਾਲ ਉੱਤਰ ਕੋਰੀਆ ਨੂੰ ਉਕਸਾਉਣਾ ਛੱਡ ਦਿੰਦਾ ਹੈ ਤਾਂ ਉਨ੍ਹਾਂ ਦਾ ਦੇਸ਼ ਉਸ ਨਾਲ ਫਿਰ ਤੋਂ ਗੱਲਬਾਤ ਸ਼ੁਰੂ ਕਰਨ ਲਈ ਤਿਆਰ ਹੈ। ਦੱਖਣੀ ਕੋਰੀਆਈ ਰਾਸ਼ਟਰਪਤੀ ਮੂਨ ਜੇਈ-ਇਨ ਨੇ ਇਸ ਹਫਤੇ 1950-53 ਦੀ ਕੋਰੀਆਈ ਜੰਗ ਖਤਮ ਕਰਨ ਦਾ ਐਲਾਨ ਲਈ ਨਵੇਂ ਸਿਰੇ ਤੋਂ ਸੱਦਾ ਦਿੱਤਾ ਸੀ ਜਿਸ ਦੇ ਜਵਾਬ ਵਿਚ ਕਿਮ ਯੋ ਜੋਂਗ ਨੇ ਸ਼ੁੱਕਰਵਾਰ ਨੂੰ ਇਹ ਟਿੱਪਣੀ ਕੀਤੀ। ਕਿਮ ਯੋ ਜੋਂਗ ਨੂੰ ਉੱਤਰ ਕੋਰੀਆ ਦੀ ਰਾਜਨੀਤੀ ਵਿਚ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਇਹ ਬਿਆਨ ਓਦੋਂ ਆਇਆ ਹੈ ਜਦੋਂ ਕੁਝ ਦਿਨਾਂ ਪਹਿਲਾਂ ਉੱਤਰ ਕੋਰੀਆ ਨੇ ਅਮਰੀਕਾ ਨਾਲ ਪ੍ਰਮਾਣੂ ਗੱਲਬਾਤ ਵਿਚ ਅੜਿੱਕੇ ਦਰਮਿਆਨ 6 ਮਹੀਨੇ ਬਾਅਦ ਪਹਿਲਾ ਮਿਜ਼ਾਈਲ ਪ੍ਰੀਖਣ ਕੀਤਾ ਅਤੇ ਦੱਖਣੀ ਕੋਰੀਆ ਨੇ ਵੀ ਪਣਡੁੱਬੀ ਤੋਂ ਛੱਡੀ ਇਕ ਮਿਜ਼ਾਈਲ ਦਾ ਪਹਿਲਾ ਪ੍ਰੀਖਣ ਕੀਤਾ।
ਜ਼ਿਕਰਯੋਗ ਹੈ ਕਿ ਕੋਰੀਆਈ ਜੰਗ ਇਕ ਜੰਗਬੰਦੀ ਦੇ ਨਾਲ ਖਤਮ ਹੋਈ ਸੀ ਨਾ ਕੋਈ ਸ਼ਾਂਤੀ ਸਮਝੌਤਾ ਹੋਇਆ ਸੀ ਜਿਸ ਨਾਲ ਇਹ ਪ੍ਰਾਯਦੀਪ ਤਕਨੀਕੀ ਰੂਪ ਨਾਲ ਜੰਗ ਦੀ ਸਥਿਤੀ ਵਿਚ ਹੈ। ਉੱਤਰ ਕੋਰੀਆ ਇਸ ਜੰਗ ਨੂੰ ਰਸਮੀ ਤੌਰ ’ਤੇ ਖਤਮ ਕਰਨ ਲਈ ਅਮਰੀਕਾ ਨਾਲ ਸ਼ਾਂਤੀ ਸੰਧੀ ’ਤੇ ਸਮਝੌਤਾ ਕਰਨਾ ਚਾਹੁੰਦਾ ਹੈ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਸ਼ਾਂਤੀ ਸਮਝੌਤੇ ਨਾਲ ਉੱਤਰ ਕੋਰੀਆ ਅਮਰੀਕਾ ਤੋਂ ਇਹ ਮੰਗ ਕਰ ਸਕਦਾ ਹੈ ਕਿ ਉਹ ਦੱਖਣੀ ਕੋਰੀਆ ਵਿਚ ਆਪਣੇ 28,500 ਫੌਜੀਆਂ ਨੂੰ ਵਾਪਸ ਸੱਦੇ ਅਤੇ ਪਾਬੰਦੀ ਹਟਾਏ।