ਉੱਤਰੀ ਕੋਰੀਆ ਦਾ ਸੈਟੇਲਾਈਟ ਲਾਂਚ ਰਿਹਾ ਅਸਫ਼ਲ
Wednesday, May 31, 2023 - 02:26 PM (IST)
ਪਿਓਂਗਯਾਂਗ (ਵਾਰਤਾ)- ਉੱਤਰੀ ਕੋਰੀਆ ਦੇ ਟੋਹੀ ਸੈਟੇਲਾਈਟ ਨੂੰ ਪੰਧ ਵਿਚ ਸਥਾਪਤ ਕਰਨ ਲਈ ਚੋਲੀਮਾ-1 ਸੈਟੇਲਾਈਟ ਯਾਨ ਰਾਕੇਟ ਨੂੰ ਲਾਂਚ ਕਰਨ ਦੀ ਕੋਸ਼ਿਸ਼ ਰਾਕੇਟ ਇੰਜਣ ਦੇ ਦੂਜੇ ਪੜਾਅ 'ਚ ਖ਼ਰਾਬੀ ਕਾਰਨ ਅਸਫਲ ਹੋ ਗਈ ਹੈ। ਅਧਿਕਾਰਤ ਕੋਰੀਅਨ ਸੈਂਟਰਲ ਨਿਊਜ਼ ਏਜੰਸੀ (ਕੇ.ਸੀ.ਐੱਨ.ਏ.) ਨੇ ਇਹ ਜਾਣਕਾਰੀ ਦਿੱਤੀ। ਰਿਪੋਰਟ ਦੇ ਅਨੁਸਾਰ, ਉੱਤਰੀ ਕੋਰੀਆ ਨੇ ਮੰਗਲਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 6:27 ਵਜੇ (21:27 GMT) ਮਾਲੀਗਯੋਂਗ-1 ਮਿਲਟਰੀ ਟੋਹੀ ਸੈਟੇਲਾਈਟ ਦੇ ਨਾਲ ਰਾਕੇਟ ਲਾਂਚ ਕੀਤਾ, ਪਰ ਰਾਕੇਟ ਇੰਜਣ ਦੂਜੇ ਪੜਾਅ ਵਿੱਚ ਅਸਫਲ ਰਿਹਾ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਹਿਲੇ ਪੜਾਅ ਵਿਚ ਵੱਖ ਹੋਣ ਤੋਂ ਬਾਅਦ, ਦੂਜੇ ਪੜਾਅ ਵਿਚ ਇੰਜਣ ਪੁਲਾੜ ਵਿਚ ਜਾਣ ਵਿਚ ਅਸਫਲ ਰਿਹਾ, ਜਿਸ ਕਾਰਨ ਰਾਕੇਟ ਸ਼ਕਤੀਹੀਣ ਹੋ ਗਿਆ ਅਤੇ ਪੀਤ ਸਾਗਰ ਵਿੱਚ ਡਿੱਗ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਉੱਤਰੀ ਕੋਰੀਆ ਦੀ ਪੁਲਾੜ ਏਜੰਸੀ ਰਾਕੇਟ ਦੀ ਜਾਂਚ ਅਤੇ ਸੁਧਾਰ ਲਈ ਤੁਰੰਤ ਵਿਗਿਆਨਕ ਅਤੇ ਤਕਨੀਕੀ ਉਪਾਅ ਕਰੇਗੀ ਅਤੇ ਜਲਦੀ ਹੀ ਵੱਖ-ਵੱਖ ਪ੍ਰੀਖਣਾਂ ਤੋਂ ਬਾਅਦ ਅਗਲੀ ਲਾਂਚਿੰਗ ਕਰੇਗੀ।