ਉੱਤਰ ਤੇ ਦੱਖਣੀ ਕੋਰੀਆ ਦੇ ਫੌਜੀਆਂ ਵਿਚਾਲੇ ਗੋਲੀਬਾਰੀ
Sunday, May 03, 2020 - 02:53 PM (IST)
ਸਿਓਲ- ਦੱਖਣੀ ਕੋਰੀਆ ਨੇ ਕਿਹਾ ਹੈ ਕਿ ਉਸ ਦੇ ਅਤੇ ਉੱਤਰੀ ਕੋਰੀਆ ਦੇ ਫੌਜੀਆਂ ਵਿਚਾਲੇ ਤਣਾਅਪੂਰਨ ਸਰਹੱਦ 'ਤੇ ਐਤਵਾਰ ਨੂੰ ਗੋਲੀਬਾਰੀ ਹੋਈ। ਸਾਲ 2018 ਦੇ ਅਖੀਰ ਵਿਚ ਦੋਵਾਂ ਦੇਸ਼ਾਂ ਨੇ ਸਰਹੱਦ 'ਤੇ ਦੁਸ਼ਮਣੀ ਨੂੰ ਘੱਟ ਕਰਨ ਲਈ ਕਈ ਕਦਮ ਚੁੱਕੇ ਸਨ, ਜਿਸ ਤੋਂ ਬਾਅਦ ਪਹਿਲੀ ਵਾਰ ਸਰਹੱਦ 'ਤੇ ਗੋਲੀਬਾਰੀ ਦੀ ਘਟਨਾ ਹੋਈ ਹੈ।
ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਹੱਦ 'ਤੇ ਕਦੇ-ਕਦੇ ਹਿੰਸਕ ਟਕਰਾਅ ਹੁੰਦਾ ਹੈ। ਐਤਵਾਰ ਨੂੰ ਹੋਈ ਘਟਨਾ ਤਣਾਅ ਦੇ ਬਣੇ ਰਹਿਣ ਦੀ ਯਾਦ ਦਿਵਾਉਂਦੀ ਹੈ। ਹਾਲਾਂਕਿ ਇਸ ਵਿਚ ਦੋਵਾਂ ਪੱਖਾਂ ਵਿਚ ਕਿਸੇ ਦੇ ਮਾਰੇ ਜਾਣ ਦੀ ਕੋਈ ਸੂਚਨਾ ਨਹੀਂ ਹੈ। ਇਸ ਦੇ ਵਧਣ ਦੀ ਵੀ ਸੰਭਾਵਨਾ ਨਹੀਂ ਹੈ। ਜੁਆਇੰਟ ਚੀਫ ਆਫ ਸਟਾਫ ਨੇ ਸਿਓਲ ਵਿਚ ਦੱਸਿਆ ਕਿ ਉੱਤਰ ਕੋਰੀਆ ਦੇ ਫੌਜੀਆਂ ਨੇ ਐਤਵਾਰ ਨੂੰ ਦੱਖਣੀ ਕੋਰੀਆ ਦੀ ਸਰਹੱਦੀ ਸੁਰੱਖਿਆ ਚੌਕੀ 'ਤੇ ਕਈ ਗੋਲੀਆਂ ਚਲਾਈਆਂ। ਫੌਜ ਨੇ ਇਕ ਬਿਆਨ ਵਿਚ ਕਿਹਾ ਕਿ ਦੱਖਣੀ ਕੋਰੀਆ ਨੇ ਚਿਤਾਵਨੀ ਦੇਣ ਤੋਂ ਬਾਅਦ ਦੋ ਗੋਲੀਆਂ ਚਲਾਈਆਂ। ਉਸ ਨੇ ਕਿਹਾ ਕਿ ਗੋਲੀਬਾਰੀ ਦੌਰਾਨ ਅਜੇ ਇਹ ਨਹੀਂ ਪਤਾ ਲੱਗ ਸਕਿਆ ਕਿ ਉੱਤਰ ਕੋਰੀਆ ਵੱਲ ਕੋਈ ਮਾਰਿਆ ਗਿਆ ਹੈ ਜਾਂ ਨਹੀਂ। ਉੱਤਰ ਕੋਰੀਆ ਦੀ ਸਰਕਾਰੀ ਪੱਤਰਕਾਰ ਏਜੰਸੀ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਘਟਨਾ ਦੀ ਖਬਰ ਨਹੀਂ ਦਿੱਤੀ ਹੈ।
ਦੱਖਣੀ ਕੋਰੀਆ ਨੇ ਕਿਹਾ ਕਿ ਉਹ ਤਣਾਅ ਨੂੰ ਵਧਣ ਤੋਂ ਰੋਕਣ ਲਈ ਫੌਜੀ ਹਾਟਲਾਈਨ ਰਾਹੀਂ ਉੱਤਰ ਕੋਰੀਆ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉੱਤਰ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਨੇ ਆਪਣੀਆਂ ਸਿਹਤ ਸਬੰਧੀ ਸਾਰੀਆਂ ਅਟਕਲਾਂ 'ਤੇ ਵਿਰਾਮ ਲਾਉਂਦੇ ਹੋਏ ਤਕਰੀਬਨ 20 ਦਿਨ ਬਾਅਦ ਜਨਤਕ ਤੌਰ 'ਤੇ ਦਿਖਣ ਤੋਂ ਇਕ ਦਿਨ ਬਾਅਦ ਸਰਹੱਦ 'ਤੇ ਗੋਲੀਬਾਰੀ ਹੋਈ।