''ਭਾਰਤੀ ਏਜੰਟਾਂ ਤੋਂ ਕੈਨੇਡੀਅਨਾਂ ਨੂੰ ਕੋਈ ਖ਼ਤਰਾ ਨਹੀਂ''; RCMP ਅਫਸਰ ਨੇ ਦਿੱਤੀ ਕਲੀਨ ਚਿੱਟ
Friday, Mar 20, 2026 - 02:16 PM (IST)
ਓਟਾਵਾ (ਏ.ਐੱਨ.ਆਈ.): ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਖਿੱਚੋਤਾਣ ਤੋਂ ਬਾਅਦ ਹੁਣ ਇੱਕ ਬਹੁਤ ਹੀ ਅਹਿਮ ਅਤੇ ਸਕਾਰਾਤਮਕ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡੀਅਨ ਪੁਲਸ ਅਫਸਰ ਨੇ ਭਾਰਤ 'ਤੇ ਲੱਗੇ ਗੰਭੀਰ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਦੇ ਕਮਿਸ਼ਨਰ ਮਾਈਕ ਡੁਹੇਮੇ ਨੇ ਸਪੱਸ਼ਟ ਕੀਤਾ ਹੈ ਕਿ ਕੈਨੇਡਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਭਾਰਤ ਸਰਕਾਰ ਦੇ ਕਿਸੇ ਵੀ ਏਜੰਟ ਤੋਂ ਕੋਈ ਖ਼ਤਰਾ ਨਹੀਂ ਹੈ।
ਕੈਨੇਡੀਅਨ ਅਧਿਕਾਰੀ ਦੇ ਬਦਲੇ ਸੁਰ
ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿੱਚ ਭਾਰਤ 'ਤੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤੇ ਬੇਹੱਦ ਖ਼ਰਾਬ ਹੋ ਗਏ ਸਨ। ਹਾਲਾਂਕਿ ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਹਾਲੀਆ ਭਾਰਤ ਫੇਰੀ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਜੰਮੀ ਬਰਫ਼ ਪਿਘਲਦੀ ਨਜ਼ਰ ਆ ਰਹੀ ਹੈ। ਇਸ ਫੇਰੀ ਨੂੰ ਰਿਸ਼ਤਿਆਂ ਨੂੰ ਮੁੜ ਲੀਹ 'ਤੇ ਲਿਆਉਣ ਲਈ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਇੱਕ ਸਮਾਂ ਸੀ ਜਦੋਂ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਕੈਨੇਡਾ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਸਿੱਧੇ ਤੌਰ 'ਤੇ ਭਾਰਤੀ ਏਜੰਸੀਆਂ ਨਾਲ ਜੋੜਿਆ ਸੀ। ਹਾਲਾਂਕਿ ਕਮਿਸ਼ਨਰ ਮਾਈਕ ਡੁਹੇਮੇ ਨੇ ਹੁਣ ਆਪਣਾ ਸਟੈਂਡ ਬਦਲ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਉਪਲਬਧ ਲਿੰਕ ਕਿਸੇ ਵਿਦੇਸ਼ੀ ਸੰਸਥਾ ਜਾਂ ਭਾਰਤ ਸਰਕਾਰ ਨਾਲ ਨਹੀਂ ਜੁੜੇ ਹੋਏ ਹਨ। ਉਨ੍ਹਾਂ ਇਹ ਵੀ ਸਵੀਕਾਰ ਕੀਤਾ ਕਿ 2024 ਵਿੱਚ ਉਨ੍ਹਾਂ ਵੱਲੋਂ ਦਿੱਤੇ ਗਏ ਬਿਆਨ ਉਸ ਸਮੇਂ ਦੀ ਸੀਮਤ ਜਾਂਚ 'ਤੇ ਅਧਾਰਤ ਸਨ, ਪਰ ਮੌਜੂਦਾ ਸਥਿਤੀ ਅਤੇ ਸਬੂਤ ਬਿਲਕੁਲ ਵੱਖਰੇ ਹਨ। ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਕਮਿਸ਼ਨਰ ਡੁਹੇਮੇ ਨੇ ਕਿਹਾ ਕਿ ਭਾਵੇਂ ਡਰਾਉਣ-ਧਮਕਾਉਣ ਅਤੇ ਪ੍ਰੇਸ਼ਾਨ ਕਰਨ ਦੀਆਂ ਘਟਨਾਵਾਂ ਹੋ ਰਹੀਆਂ ਹਨ, ਪਰ ਇਨ੍ਹਾਂ ਦਾ ਸਬੰਧ ਕਿਸੇ ਵਿਦੇਸ਼ੀ ਸਰਕਾਰ ਨਾਲ ਹੋਣ ਦੇ ਸਬੂਤ ਪੁਲਿਸ ਕੋਲ ਨਹੀਂ ਹਨ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਸਰਕਾਰ ਦੀ ਵੱਡੀ ਕਾਰਵਾਈ, ਦੋ ਪੰਜਾਬੀ ਗੈਂਗਸਟਰਾਂ ਨੂੰ ਕਰ 'ਤਾ ਡਿਪੋਰਟ
ਬਿਸ਼ਨੋਈ ਗੈਂਗ ਅਤੇ ਫਿਰੌਤੀ ਦੇ ਮਾਮਲੇ
ਸਰੀ, ਬਰੈਂਪਟਨ ਅਤੇ ਕੈਲਗਰੀ ਵਰਗੇ ਸ਼ਹਿਰਾਂ ਵਿੱਚ ਚੱਲ ਰਹੇ ਫਿਰੌਤੀ ਦੇ ਮਾਮਲਿਆਂ ਬਾਰੇ ਬੋਲਦਿਆਂ ਕਮਿਸ਼ਨਰ ਨੇ ਕਿਹਾ ਕਿ ਹਰ ਫਿਰੌਤੀ ਦੇ ਕੇਸ ਨੂੰ ਸਿੱਧੇ ਤੌਰ 'ਤੇ ਬਿਸ਼ਨੋਈ ਗੈਂਗ ਨਾਲ ਨਹੀਂ ਜੋੜਿਆ ਜਾ ਸਕਦਾ। ਕਈ ਮਾਮਲਿਆਂ ਵਿੱਚ ਲੋਕ ਸਿਰਫ਼ ਉਸ ਦੇ ਨਾਮ ਦੀ ਵਰਤੋਂ ਕਰ ਰਹੇ ਹਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਨ੍ਹਾਂ ਅਪਰਾਧਿਕ ਗਤੀਵਿਧੀਆਂ ਅਤੇ ਭਾਰਤ ਸਰਕਾਰ ਵਿਚਕਾਰ ਕੋਈ ਵੀ ਪੁਸ਼ਟ ਸਬੰਧ ਨਹੀਂ ਮਿਲਿਆ ਹੈ।
ਆਮ ਜਨਤਾ ਨੂੰ ਸਹਿਯੋਗ ਦੀ ਅਪੀਲ
ਕਮਿਸ਼ਨਰ ਨੇ ਦੱਖਣੀ ਏਸ਼ੀਆਈ ਭਾਈਚਾਰੇ ਦੀ ਸੁਰੱਖਿਆ ਬਾਰੇ ਗੱਲ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਦੇਖਦੇ ਹਨ, ਤਾਂ ਤੁਰੰਤ ਰਿਪੋਰਟ ਕਰਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਘਟਨਾਵਾਂ ਦੀ ਰਿਪੋਰਟ ਨਹੀਂ ਕੀਤੀ ਜਾਂਦੀ, ਉਦੋਂ ਤੱਕ ਪੁਲਿਸ ਲਈ ਕਾਰਵਾਈ ਕਰਨਾ ਮੁਸ਼ਕਲ ਹੁੰਦਾ ਹੈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
