ਵਾਰਤਾ ਮਗਰੋਂ ਬੋਲਿਆ ਰੂਸ, ਕਿਹਾ- ਯੂਕ੍ਰੇਨ ਨਾਲ ਗੱਲਬਾਤ ''ਚ ਕੋਈ ਸਫਲਤਾ ਨਹੀਂ

Wednesday, Mar 30, 2022 - 06:11 PM (IST)

ਮਾਸਕੋ (ਭਾਸ਼ਾ)- ਕ੍ਰੇਮਲਿਨ (ਰੂਸੀ ਰਾਸ਼ਟਰਪਤੀ ਦਫਤਰ) ਦਾ ਕਹਿਣਾ ਹੈ ਕਿ ਯੂਕ੍ਰੇਨ ਨਾਲ ਗੱਲਬਾਤ ਦੇ ਤਾਜ਼ਾ ਦੌਰ ਵਿਚ ਕੋਈ ਸਫਲਤਾ ਨਹੀਂ ਮਿਲੀ ਹੈ। ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਇੱਕ "ਸਕਾਰਾਤਮਕ ਕਾਰਕ" ਰਿਹਾ ਕਿ ਯੂਕ੍ਰੇਨ ਨੇ ਆਪਣਾ ਲਿਖਤੀ ਪ੍ਰਸਤਾਵ ਪੇਸ਼ ਕੀਤਾ। ਹਾਲਾਂਕਿ ਪੇਸਕੋਵ ਨੇ ਕਿਹਾ ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਕੁਝ ਵੀ ਆਸਵੰਦ ਰਿਹਾ ਜਾਂ ਸਫਲਤਾ ਮਿਲੀ। ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੰਗਲਵਾਰ ਨੂੰ ਤੁਰਕੀ ਵਿੱਚ ਰੂਸ-ਯੂਕ੍ਰੇਨ ਗੱਲਬਾਤ ਤੋਂ ਬਾਅਦ ਬਹੁਤ ਕੰਮ ਕਰਨਾ ਬਾਕੀ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਯੂਕੇ ਦੀ ਦਰਿਆਦਿਲੀ, ਯੂਕ੍ਰੇਨੀ ਸ਼ਰਨਾਰਥੀਆਂ ਨੂੰ ਜਾਰੀ ਕੀਤੇ 25,500 ਵੀਜ਼ੇ

ਮੰਗਲਵਾਰ ਦੀ ਗੱਲਬਾਤ ਦੌਰਾਨ ਯੂਕ੍ਰੇਨ ਦੇ ਵਫ਼ਦ ਨੇ ਕਿਹਾ ਕਿ ਉਸ ਨੇ ਸ਼ਾਂਤੀ ਸਮਝੌਤੇ ਲਈ ਵਿਸਤ੍ਰਿਤ ਰੂਪਰੇਖਾ ਤਿਆਰ ਕੀਤੀ ਹੈ ਜਿਸ ਤਹਿਤ ਦੇਸ਼ ਆਪਣੇ ਆਪ ਨੂੰ ਨਿਰਪੱਖ ਘੋਸ਼ਿਤ ਕਰੇਗਾ ਅਤੇ ਅਮਰੀਕਾ, ਬ੍ਰਿਟੇਨ, ਫਰਾਂਸ, ਤੁਰਕੀ, ਚੀਨ ਅਤੇ ਪੋਲੈਂਡ ਵਰਗੇ ਹੋਰ ਦੇਸ਼ ਉਸ ਦੀ ਸੁਰੱਖਿਆ ਦੀ ਗਾਰੰਟੀ ਦੇਣਗੇ। ਯੂਕ੍ਰੇਨੀ ਪੱਖ ਨੇ ਇਹ ਵੀ ਕਿਹਾ ਕਿ ਉਹ ਕ੍ਰੀਮੀਆ ਖੇਤਰ ਦੇ ਭਵਿੱਖ ਬਾਰੇ 15 ਸਾਲਾਂ ਦੀ ਮਿਆਦ ਵਿੱਚ ਗੱਲਬਾਤ ਕਰਨ ਦਾ ਚਾਹਵਾਨ ਹੈ, ਜਿਸ ਨੂੰ ਰੂਸ ਨੇ 2014 ਵਿੱਚ ਕੰਟਰੋਲ ਕੀਤਾ ਸੀ। ਪੇਸਕੋਵ ਨੇ ਕਿਹਾ ਕਿ ਗੱਲਬਾਤ ਦੌਰਾਨ ਰੂਸੀ ਵਫ਼ਦ ਦੀ ਅਗਵਾਈ ਕਰ ਰਹੇ ਵਲਾਦੀਮੀਰ ਮੇਡਿੰਸਕੀ ਨੇ ਗੱਲਬਾਤ ਦੇ ਨਤੀਜੇ ਤੋਂ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਜਾਣੂ ਕਰਵਾਇਆ। ਹਾਲਾਂਕਿ, ਬੁਲਾਰੇ ਨੇ ਗੱਲਬਾਤ ਬਾਰੇ ਹੋਰ ਵੇਰਵੇ ਸਾਂਝੇ ਨਹੀਂ ਕੀਤੇ। ਕ੍ਰੀਮੀਆ 'ਤੇ ਯੂਕ੍ਰੇਨ ਵੱਲੋਂ ਗੱਲਬਾਤ ਦੀ ਪੇਸ਼ਕਸ਼ 'ਤੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਪੇਸਕੋਵ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਮੁਤਾਬਕ ਕ੍ਰੀਮੀਆ ਰੂਸ ਦਾ ਅਟੁੱਟ ਅੰਗ ਹੈ ਅਤੇ ਇਸ 'ਤੇ ਚਰਚਾ ਕਰਨ ਦਾ ਕੋਈ ਵੀ ਤਰਕ ਨਹੀਂ ਹੈ।


Vandana

Content Editor

Related News