ਅਮਰੀਕਾ ਨਾਲ ਸਮਝੌਤੇ ਦਾ ਕੋਈ ਆਸਾਰ ਨਹੀਂ: ਈਰਾਨ
Thursday, Mar 07, 2019 - 12:41 AM (IST)

ਤਹਿਰਾਨ— ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਨਾਲ ਸੁਲਾਹ ਜਾਂ ਸਮਝੌਤੇ ਦੇ ਕੋਈ ਆਸਾਰ ਨਹੀਂ ਹਨ ਕਿਉਂਕਿ ਵਾਸ਼ਿੰਗਟਨ ਤਹਿਰਾਨ 'ਚ ਸਰਕਾਰ ਹਟਾਉਣਾ ਚਾਹੁੰਦਾ ਹੈ। ਟੈਲੀਵਿਜ਼ਨ 'ਤੇ ਆਪਣੇ ਸੰਬੋਧਨ 'ਚ ਹਸਨ ਰੂਹਾਨੀ ਨੇ ਕਿਹਾ ਕਿ ਅਮਰੀਕਾ ਕਹਿ ਰਿਹਾ ਹੈ ਕਿ ਈਰਾਨ ਨੂੰ 1979 ਦੀ ਇਸਲਾਮਿਕ ਕ੍ਰਾਂਤੀ ਤੋਂ ਪਹਿਲਾਂ ਵਾਲੇ ਦੇਸ਼ ਦੇ ਤੌਰ 'ਤੇ ਹੋਣਾ ਹੋਵੇਗਾ ਜਦੋਂ ਇਥੇ ਅਮਰੀਕਾ ਸਮਰਥਿਤ ਰਾਜਸ਼ਾਹੀ ਸੀ।
ਉੱਤਰੀ ਸ਼ਹਿਰ ਲਾਹੀਜਾਨ 'ਚ ਮੌਜੂਦ ਲੋਕਾਂ ਨੂੰ ਸੰਬੋਧਿਤ ਕਰਦਿਆਂ ਰੂਹਾਨੀ ਨੇ ਕਿਹਾ ਕਿ ਅਸੀਂ ਕਹਿੰਦੇ ਹਾਂ ਕਿ ਅਸੀਂ ਵਾਪਸ ਨਹੀਂ ਪਰਤਾਂਗੇ। ਉਨ੍ਹਾਂ ਕਿਹਾ ਕਿ ਈਰਾਨ ਤੇ ਅਮਰੀਕਾ ਦੇ ਵਿਚਾਲੇ ਮੱਤਭੇਦ ਇਨਾਂ ਗਹਿਰਾ ਹੋ ਚੁੱਕਿਆ ਹੈ ਕਿ ਨਾ ਹੀ ਕੋਈ ਸਮਝੌਤਾ ਹੋ ਸਕਦਾ ਹੈ ਤੇ ਨਾ ਹੀ ਸੁਲਾਹ। ਰੂਹਾਨੀ ਨੇ ਕਿਹਾ ਕਿ ਅਮਰੀਕੀ ਪਾਬੰਦੀ ਦੇ ਕਾਰਨ ਉਨ੍ਹਾਂ ਦਾ ਦੇਸ਼ ਆਰਥਿਤ ਜੰਗ 'ਚ ਫਸਿਆ ਹੈ ਤੇ ਅਮਰੀਕੀ ਮੰਗਾਂ ਅੱਗੇ ਝੁਕਣ ਦਾ ਮਤਲਬ ਹੋਵੇਗਾ ਆਜ਼ਾਦੀ ਤੇ ਲੋਕਤੰਤਰ ਸਣੇ ਤਮਾਮ ਇਤਿਹਾਸਿਕ ਉਪਲੱਬਧੀਆਂ ਨੂੰ ਗੁਆਉਣਾ।