''''ਖਾਲਿਸਤਾਨੀ ਆਜ਼ਾਦੀ ਸੰਘਰਸ਼ ਦਾ ਅਪਰਾਧਕ ਗਤੀਵਿਧੀਆਂ ਨਾਲ ਕੋਈ ਸਬੰਧ ਨਹੀਂ''''
Sunday, Jul 20, 2025 - 01:38 PM (IST)

ਲੰਡਨ (ਸਰਬਜੀਤ ਸਿੰਘ ਬਨੂੜ)- ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ. ਵਲੋਂ ਜਾਰੀ ਇਕ ਪ੍ਰੈੱਸ ਬਿਆਨ ਰਾਹੀਂ ਸਪੱਸ਼ਟਤਾ ਨਾਲ ਆਖਿਆ ਗਿਆ ਹੈ ਕਿ ਖਾਲਿਸਤਾਨੀ ਆਜ਼ਾਦੀ ਸੰਘਰਸ਼ ਦਾ ਕਿਸੇ ਵੀ ਤਰੀਕੇ ਦੀ ਫਿਰੌਤੀ, ਨਸ਼ਾ ਤਸਕਰੀ, ਗੈਂਗਵਾਰ ਜਾਂ ਨਿੱਜੀ ਵੈਰ-ਵਿਰੋਧ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਸਾਰੀਆਂ ਗਤੀਵਿਧੀਆਂ ਸਿੱਖੀ ਅਤੇ ਖ਼ਾਲਸਾ ਪੰਥ ਦੇ ਅਸੂਲਾਂ ਦੇ ਖ਼ਿਲਾਫ਼ ਹਨ।
ਫੈਡਰੇਸ਼ਨ ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਆਖਿਆ ਗਿਆ ਕਿ ਭਾਰਤੀ ਮੀਡੀਆ ਅਤੇ ਸਰਕਾਰੀ ਧਿਰਾਂ ਵਲੋਂ ਜਾਣਬੁੱਝ ਕੇ ਖਾਲਿਸਤਾਨੀ ਸੰਘਰਸ਼ ਨੂੰ ਅਜਿਹੀਆਂ ਘਟਨਾਵਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਸੰਘਰਸ਼ ਦੀ ਅਸਲ ਰੂਹ ਨੂੰ ਬਦਨਾਮ ਕੀਤਾ ਜਾ ਸਕੇ।
ਇਹ ਵੀ ਪੜ੍ਹੋ- ਵਨਡੇ ਤੇ ਟੀ-20 ਲੜੀ ਲਈ ਟੀਮ ਦਾ ਹੋ ਗਿਆ ਐਲਾਨ
ਉਨ੍ਹਾਂ ਯਾਦ ਦਿਵਾਇਆ ਕਿ 1980-90 ਦੇ ਦੌਰਾਨ ਵੀ ਜਾਅਲੀ ਲੈਟਰਹੈੱਡਾਂ ਰਾਹੀਂ ਲੋਕਾਂ ਤੋਂ ਫਿਰੌਤੀਆਂ ਮੰਗਣ ਅਤੇ ਖਾੜਕੂ ਜਥੇਬੰਦੀਆਂ ਦੇ ਨਾਂ ’ਤੇ ਧਮਕੀਆਂ ਦੇ ਕੇ ਲੋਕਾਂ ਨੂੰ ਡਰਾਉਣ ਦੀਆਂ ਸਰਕਾਰੀ ਸਾਜ਼ਿਸ਼ਾਂ ਸਾਹਮਣੇ ਆਈਆਂ ਸਨ। ਬਿਆਨ ਵਿੱਚ ਆਖਿਆ ਗਿਆ ਕਿ ਖਾਲਿਸਤਾਨੀ ਸੰਘਰਸ਼ ਸੱਚ, ਇਨਸਾਫ਼ ਅਤੇ ਧਰਮ ਦੇ ਅਸੂਲਾਂ 'ਤੇ ਅਧਾਰਤ ਹੈ। ਇਸ ਰਾਹ ’ਤੇ ਚਲਦਿਆਂ ਹਜ਼ਾਰਾਂ ਸਿੱਖ ਨੌਜਵਾਨ, ਔਰਤਾਂ, ਬਜ਼ੁਰਗ ਅਤੇ ਬੱਚੇ ਸ਼ਹੀਦ ਹੋਏ ਹਨ, ਜੋ ਕਿ ਕਿਸੇ ਅਪਰਾਧਕ ਕਾਰਵਾਈ ਨਹੀਂ, ਸਗੋਂ ਕੌਮੀ ਮਕਸਦ ਲਈ ਆਪਣੀ ਜਾਨ ਵਾਰ ਗਏ।
ਉਨ੍ਹਾਂ ਭਾਰਤ ਅਤੇ ਵਿਦੇਸ਼ਾਂ ਵਿੱਚ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਜਿਵੇਂ ਕਿ ਨਿੱਜੀ ਵੈਰ-ਵਿਰੋਧ, ਗੈਂਗਵਾਰ ਆਦਿ ਨੂੰ ਸਿੱਖ ਜਥੇਬੰਦੀਆਂ ਨਾਲ ਜੋੜਨ ਦੀ ਸਾਜ਼ਿਸ਼ ਦਾ ਖੰਡਨ ਕੀਤਾ। ਇਹ ਵੀ ਆਖਿਆ ਗਿਆ ਕਿ ਜੋ ਵਿਅਕਤੀ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹਨ, ਉਹ ਸਿੱਖੀ ਦੇ ਵੈਰੀ ਹਨ ਨਾ ਕਿ ਸਿੱਖ ਕੌਮ ਦੇ ਨੁਮਾਇੰਦੇ। ਫੈਡਰੇਸ਼ਨ ਵਲੋਂ ਵਿਸ਼ਵ ਭਰ ਦੇ ਸਿੱਖਾਂ ਨੂੰ ਅਪੀਲ ਕੀਤੀ ਗਈ ਕਿ ਏਜੰਸੀਆਂ ਵੱਲੋਂ ਚਲਾਏ ਜਾ ਰਹੇ ਖਾਲਿਸਤਾਨੀ ਸੰਘਰਸ਼ ਨੂੰ ਢਾਹ ਲਾਉਣ ਵਾਲੇ ਝੂਠੇ ਪ੍ਰਚਾਰ ਤੋਂ ਸੁਚੇਤ ਰਹਿਣ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e