ਤਾਲਿਬਾਨੀ ਮੰਤਰੀ ਦਾ ਦਾਅਵਾ, ਅਸ਼ਰਫ ਗਨੀ ਦੇ ਕਤਲ ਦੀ ਕੋਈ ਯੋਜਨਾ ਨਹੀਂ
Tuesday, Jan 04, 2022 - 05:59 PM (IST)
ਕਾਬੁਲ (ਯੂ.ਐੱਨ.ਆਈ.): ਤਾਲਿਬਾਨ ਨੇ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਦੇ ਦਾਅਵਿਆਂ ਦੇ ਉਲਟ ਉਹਨਾਂ ਦੇ ਕਤਲ ਦੀ ਕੋਈ ਯੋਜਨਾ ਨਹੀਂ ਬਣਾਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਅਫਗਾਨਿਸਤਾਨ ਦੇ ਤਾਲਿਬਾਨ ਦੁਆਰਾ ਨਿਯੁਕਤ ਉਪ ਪ੍ਰਧਾਨ ਮੰਤਰੀ ਮੁੱਲਾ ਅਬਦੁਲ ਗਨੀ ਬਰਾਦਰ ਨੇ ਦਾਅਵਾ ਕੀਤਾ ਕਿ ਕਈ ਸਾਬਕਾ ਅਧਿਕਾਰੀ ਅਤੇ ਮੰਤਰੀ ਕਾਬੁਲ ਵਿੱਚ ਸ਼ਾਂਤੀ ਨਾਲ ਰਹਿ ਰਹੇ ਹਨ ਅਤੇ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ 'ਚ ਦੋ ਬੱਸਾਂ ਦੀ ਜ਼ਬਰਦਸਤ ਟੱਕਰ, 10 ਲੋਕਾਂ ਦੀ ਮੌਤ ਤੇ 40 ਜ਼ਖਮੀ
ਬਰਾਦਰ ਨੇ ਕਿਹਾ ਕਿ ਤਾਲਿਬਾਨ ਦੇ ਚੋਟੀ ਦੇ ਨੇਤਾ ਮੁੱਲਾ ਹੈਬਤੁੱਲਾ ਅਖੁੰਦਜ਼ਾਦਾ ਨੇ ਕਾਬੁਲ 'ਤੇ ਕਬਜ਼ਾ ਕਰਨ ਤੋਂ ਬਾਅਦ ਆਮ ਮੁਆਫ਼ੀ ਦਾ ਐਲਾਨ ਕੀਤਾ ਸੀ, ਜਿਸ ਵਿਚ ਸਾਬਕਾ ਰਾਸ਼ਟਰਪਤੀ ਵੀ ਸ਼ਾਮਲ ਸੀ। ਖਾਮਾ ਪ੍ਰੈਸ ਨੇ ਬਰਾਦਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਤਾਲਿਬਾਨ ਨੇ ਪਿਛਲੇ ਸਾਲ 15 ਅਗਸਤ ਨੂੰ ਕਾਬੁਲ 'ਤੇ ਕਬਜ਼ਾ ਕਰਨ ਤੋਂ ਬਾਅਦ ਅਸ਼ਰਫ ਗਨੀ ਨੂੰ ਮਾਰਨ ਦੀ ਕੋਈ ਯੋਜਨਾ ਨਹੀਂ ਬਣਾਈ ਸੀ। ਅਫਗਾਨਿਸਤਾਨ ਤੋਂ ਭੱਜਣ ਤੋਂ ਬਾਅਦ ਗਨੀ ਨੇ ਸਤੰਬਰ ਵਿੱਚ ਇੱਕ ਵੀਡੀਓ ਕਲਿੱਪ ਜਾਰੀ ਕਰਦਿਆਂ ਕਿਹਾ ਸੀ ਕਿ ਉਹ ਖੂਨ-ਖਰਾਬੇ, ਕਾਬੁਲ ਦੀ ਤਬਾਹੀ ਅਤੇ ਇੱਕ ਹੋਰ ਅਫਗਾਨ ਰਾਸ਼ਟਰਪਤੀ ਦੇ ਕਤਲ ਨੂੰ ਰੋਕਣ ਲਈ ਦੇਸ਼ ਛੱਡ ਕੇ ਭੱਜੇ ਸਨ।