2021 ਤੋਂ ਪਹਿਲਾਂ ਕੋਰੋਨਾ ਵੈਕਸੀਨ ਦੀ ਕੋਈ ਉਮੀਦ ਨਹੀਂ : WHO
Thursday, Jul 23, 2020 - 02:57 AM (IST)
ਵਾਸ਼ਿੰਗਟਨ - ਵਿਸ਼ਵ ਸਿਹਤ ਸੰਗਠਨ ਦਾ ਆਖਣਾ ਹੈ ਕਿ ਅਗਲੇ ਸਾਲ ਭਾਵ 2021 ਤੋਂ ਪਹਿਲਾਂ ਕੋਰੋਨਾਵਾਇਰਸ ਦੀ ਵੈਕਸੀਨ ਬਣਨ ਦੀ ਕੋਈ ਉਮੀਦ ਨਹੀਂ ਹੈ। ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਡਾਇਰੈਕਟਰ ਮਾਇਕ ਰੇਯਾਨ ਨੇ ਕਿਹਾ ਕਿ ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਦੇ ਮਾਮਲੇ ਵਿਚ ਖੋਜਕਾਰਾਂ ਨੂੰ ਸਹੀ ਕਾਮਯਾਬੀ ਮਿਲ ਰਹੀ ਪਰ ਸਾਲ 2021 ਦੇ ਸ਼ੁਰੂਆਤੀ ਦਿਨਾਂ ਤੋਂ ਪਹਿਲਾਂ ਉਸ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਇਹ ਜ਼ਰੂਰੀ ਹੈ ਕਿ ਵੈਕਸੀਨ ਦੀ ਸੁਰੱਖਿਆ ਮਾਨਕਾਂ ਵਿਚ ਕੋਈ ਕਮੀ ਨਾ ਕੀਤੀ ਜਾਵੇ, ਭਾਂਵੇ ਹੀ ਵੈਕਸੀਨ ਬਣਾਉਣ ਦੀ ਰਫਤਾਰ ਥੋੜੀ ਘੱਟ ਹੋ ਜਾਵੇ।
ਉਨ੍ਹਾਂ ਆਖਿਆ ਕਿ ਸਾਨੂੰ ਆਪਣੀਆਂ ਅੱਖਾਂ ਵਿਚ ਦੇਖਣ ਦੀ ਹਿੰਮਤ ਹੋਣੀ ਚਾਹੀਦੀ ਹੈ ਅਤੇ ਲੋਕਾਂ ਨਾਲ ਅੱਖ ਮਿਲਾਉਣ ਦੀ ਵੀ ਹਿੰਮਤ ਹੋਣੀ ਚਾਹੀਦੀ ਹੈ। ਆਮ ਲੋਕਾਂ ਨੂੰ ਇਹ ਵੈਕਸੀਨ ਦੇਣ ਤੋਂ ਪਹਿਲਾਂ, ਸਾਨੂੰ ਉਨ੍ਹਾਂ ਨੂੰ ਯਕੀਨਨ ਕਰਨਾ ਹੈ ਕਿ ਵੈਕਸੀਨ ਨੂੰ ਸੁਰੱਖਿਅਤ ਅਤੇ ਪ੍ਰਭਾਵੀ ਬਣਾਉਣ ਲਈ ਅਸੀਂ ਹਰ ਸੰਭਵ ਸਾਵਧਾਨੀ ਵਰਤੀ ਹੈ। ਅਸੀਂ ਇਹ ਕਰਨ ਵਿਚ ਥੋੜਾ ਘੱਟ ਸਮਾਂ ਲੈ ਸਕਦੇ ਹਾਂ ਪਰ ਅਸਲ ਵਿਚ ਦੇਖਿਆ ਜਾਵੇ ਤਾਂ ਅਗਲੇ ਸਾਲ ਦੇ ਪਹਿਲਾਂ ਹਿੱਸੇ ਵਿਚ ਹੀ ਅਸੀਂ ਲੋਕਾਂ ਨੂੰ ਵੈਕਸੀਨੇਟ ਕਰਨਾ ਸ਼ੁਰੂ ਕਰ ਸਕਾਂਗੇ। ਉਨ੍ਹਾਂ ਆਖਿਆ ਕਿ ਕਈ ਸੰਭਾਵਿਤ ਵੈਕਸੀਨ ਆਪਣੇ ਟ੍ਰਾਇਲ ਦੇ ਤੀਜੇ ਫੇਜ਼ ਵਿਚ ਹਨ ਅਤੇ ਕੋਈ ਵੀ ਵੈਕਸੀਨ ਸੁਰੱਖਿਆ ਮਾਨਕਾਂ ਜਾਂ ਪ੍ਰਭਾਵੀ ਹੋਣ ਵਿਚ ਅਜੇ ਤੱਕ ਫੇਲ ਨਹੀਂ ਹੈ। ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਨੇ ਕਿਹਾ ਸੀ ਕਿ ਕੋਰੋਨਾਵਾਇਰਸ ਦੇ ਅਜੇ ਸਭ ਤੋਂ ਭਿਆਨਕ ਰੂਪ ਆਉਣਾ ਅਜੇ ਬਾਕੀ ਹੈ। ਦੇਖਿਆ ਜਾਵੇ ਤਾਂ ਕਈ ਦੇਸ਼ਾਂ ਵਿਚ ਇਸ ਮਹਾਮਾਰੀ ਦਾ ਦੂਜੀ ਵੇਵ ਦੇਖੀ ਜਾ ਸਕਦੀ ਹੈ ਅਤੇ ਕਈ ਦੇਸ਼ਾਂ ਨੇ ਇਸ 'ਤੇ ਸਖਤੀ ਨਾਲ ਕੰਮ ਕਰਕੇ ਇਸ ਨੂੰ ਕੰਟਰੋਲ ਵਿਚ ਕਰ ਲਿਆ ਹੈ। ਦੱਸ ਦਈਏ ਕਿ ਪੂਰੀ ਦੁਨੀਆ ਵਿਚ ਹੁਣ ਤੱਕ 15,249,964 ਲੋਕ ਕੋਰੋਨਾ ਤੋਂ ਪ੍ਰਭਾਵਿਤ ਪਾਏ ਗਏ ਹਨ, ਜਿਨ੍ਹਾਂ ਵਿਚੋਂ 622,958 ਲੋਕਾਂ ਦੀ ਮੌਤ ਹੋ ਚੁੱਕੀ ਅਤੇ 9,218,871 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।