ਕੋਰੋਨਾਵਾਇਰਸ ਤੋਂ ਡਰਦੇ ਚੀਨੀ ਸੈਲਾਨੀ ਬਾਲੀ ਤੋਂ ਨਹੀਂ ਪਰਤ ਰਹੇ ਸਵਦੇਸ਼
Saturday, Feb 29, 2020 - 03:18 PM (IST)
ਦੇਂਪਸਾਰ (ਇੰਡੋਨੇਸ਼ੀਆ)- ਇੰਡੋਨੇਸ਼ੀਆ ਦੇ ਮਸ਼ਹੂਰ ਸੈਲਾਨੀ ਟਾਪੂ ਬਾਲੀ ਵਿਚ ਛੁੱਟੀਆਂ ਮਨਾਉਣ ਗਏ ਚੀਨ ਦੇ ਸੈਂਕੜੇ ਸੈਲਾਨੀ ਸਵਦੇਸ਼ ਪਰਤਣ ਤੋਂ ਬਚ ਰਹੇ ਹਨ ਕਿਉਂਕਿ ਉਹਨਾਂ ਨੂੰ ਚੀਨ ਤੋਂ ਫੈਲ ਰਹੇ ਜਾਨਲੇਵਾ ਕੋਰੋਨਾਵਾਇਰਸ ਦੇ ਇਨਫੈਕਸ਼ਨ ਦਾ ਡਰ ਹੈ। ਦੁਨੀਆ ਵਿਚ ਪੈਰ ਪਸਾਰ ਰਹੀ ਇਸ ਮਹਾਮਾਰੀ ਦੇ ਮੱਦੇਨਜ਼ਰ ਇੰਡੋਨੇਸ਼ੀਆ ਨੇ ਇਸ ਮਹੀਨੇ ਚੀਨ ਤੋਂ ਆਉਣ ਤੇ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ।
ਚੀਨ ਵਿਚ ਕੋਵਿਡ-19 ਕਾਰਨ 2835 ਮੌਤਾਂ ਹੋ ਚੁੱਕੀਆਂ ਹਨ ਤੇ ਸਾਰੇ ਸ਼ਹਿਰਾਂ ਦੇ ਬੰਦ ਹੋਣ ਤੋਂ ਬਾਅਦ ਬਾਲੀ ਵਿਚ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਦੱਸਿਆ ਕਿ ਤਕਰੀਬਨ ਇਕ ਹਜ਼ਾਰ ਚੀਨੀ ਨਾਗਰਿਕਾਂ ਨੇ ਐਮਰਜੰਸੀ ਵਿਚ ਵੀਜ਼ਾ ਮਿਆਦ ਵਧਾਉਣ ਲਈ ਅਪਲਾਈ ਕੀਤਾ ਹੈ। ਚੀਨ ਦੇ ਇਕ ਵੱਡੇ ਸ਼ਹਿਰ ਵਿਚ ਇਕ ਯੂਰਪੀ ਕੰਪਨੀ ਦੇ ਪ੍ਰਬੰਧਕ ਸਟੀਵ ਲੀ ਨੇ ਬਾਲੀ ਦੀ ਰਾਜਧਾਨੀ ਦੇਂਪਸਾਰ ਦੇ ਇਕ ਮਾਲ ਵਿਚ ਕਿਹਾ ਕਿ ਮੈਂ ਇਕ ਅੰਤਰਰਾਸ਼ਟਰੀ ਸ਼ਰਣਾਰਥੀ ਹਾਂ। ਚੀਨ ਇਕ ਵੱਡੀ ਜੇਲ ਵਾਂਗ ਹੈ, ਸਾਰੇ ਸ਼ਹਿਰ ਬੰਦ ਹਨ। ਲੀ ਨੇ ਕਿਹਾ ਕਿ ਉਹਨਾਂ ਨੂੰ ਚੀਨ ਦੇ ਇਸ ਭਰੋਸੇ ਦਾ ਯਕੀਨ ਨਹੀਂ ਹੈ ਕਿ ਦੇਸ਼ ਮਹਾਮਾਰੀ 'ਤੇ ਕੰਟਰੋਲ ਕਰ ਰਿਹਾ ਹੈ। ਬਾਲੀ ਵਿਚ ਹਰ ਸਾਲ ਆਸਟ੍ਰੇਲੀਆਈ ਨਾਗਰਿਕਾਂ ਤੋਂ ਬਾਅਦ ਸਭ ਤੋਂ ਵਧੇਰੇ ਚੀਨੀ ਸੈਲਾਨੀ ਆਉਂਦੇ ਹਨ ਤੇ ਸਥਾਨਕ ਅਰਥਵਿਵਸਥਾ ਵਿਚ ਲੱਖਾਂ ਡਾਲਰਾਂ ਦਾ ਯੋਗਦਾਨ ਦਿੰਦੇ ਹਨ। ਚੀਨ ਤੋਂ ਹਜ਼ਾਰਾਂ ਲੋਕ ਪਿਛਲੇ ਮਹੀਨੇ ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਬਾਲੀ ਆਏ ਸਨ ਪਰ ਉਹ ਅਜੇ ਪਰਤਣਾ ਨਹੀਂ ਚਾਹੁੰਦੇ ਹਨ। ਬੀਜਿੰਗ ਦੇ ਜਿਲੋਂਗ ਵਾਂਗ ਨੇ ਦੱਸਿਆ ਕਿ ਉਹ ਪਰਤਣ ਦੀ ਯੋਜਨਾ ਟਾਲ ਰਹੇ ਹਨ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਉਹਨਾਂ ਦੀ ਸਰਕਾਰ ਨੇ ਇਨਫੈਕਸ਼ਨ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਘੱਟ ਦੱਸੀ ਹੈ।
30 ਸਾਲਾ ਵਾਂਗ ਨੇ ਕਿਹਾ ਕਿ ਇਸ ਦੀ ਬਜਾਏ ਮੈਂ ਬਾਲੀ ਵਿਚ ਰਹਾਂਗਾ ਤੇ ਸਥਿਤੀ 'ਤੇ ਨਜ਼ਰ ਰੱਖਾਂਗਾ। ਚੀਨ ਦੇ ਪੂਰਬੀ ਝੇਜਿਯਾਂਗ ਸੂਬੇ ਦੀ ਰੀਅਲ ਅਸਟੇਟ ਏਜੰਟ ਹੀਥਰ ਵਾਂਗ ਜਨਵਰੀ ਤੋਂ ਬਾਲੀ ਵਿਚ ਹਨ ਤੇ ਉਹਨਾਂ ਦੀ ਸਵਦੇਸ਼ ਪਰਤਣ ਦੀ ਕੋਈ ਯੋਜਨਾ ਨਹੀਂ ਹੈ। ਉਹ ਆਸਟ੍ਰੇਲੀਆਈ ਦੂਤਘਰ ਤੋਂ ਇਸ ਸੰਦੇਸ਼ ਦੀ ਉਡੀਕ ਕਰ ਰਹੀ ਹੈ ਕਿ ਕੀ ਸੈਲਾਨੀ ਪ੍ਰਵੇਸ਼ ਪਰਮਿਟ ਦੀ ਉਹਨਾਂ ਦੀ ਅਰਜ਼ੀ ਕਬੂਲ ਕਰ ਲਈ ਗਈ ਹੈ ਜਾਂ ਨਹੀਂ। 26 ਸਾਲਾ ਹੀਥਰ ਨੇ ਕਿਹਾ ਕਿ ਜੇਕਰ ਆਸਟ੍ਰੇਲੀਆ ਮੇਰੇ ਵੀਜ਼ਾ ਨੂੰ ਮਨਜ਼ੂਰੀ ਨਹੀਂ ਦਿੰਦਾ ਤਾਂ ਮੈਂ ਥਾਈਲੈਂਡ ਦੇ ਬਾਰੇ ਵਿਚ ਸੋਚਾਂਗੀ।